ਆਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਪਹਿਲੇ ਨਰਾਤੇ ਵਾਲੇ ਦਿਨ ਮਾਤਾ ਨੈਨਾ ਦੇਵੀ ਵਿਖੈ ਹਜਾਰਾ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ਿਰਵਾਦ ਪ੍ਰਾਪਤ ਕੀਤਾ । ਸ਼ਰਧਾਲੂਆਂ ਨੇ ਨਵਰਾਤਰੇ ਦੇ ਪਹਿਲੇ ਦਿਨ ਮਾਂ ਸ਼ੈਲਪੁਤਰੀ ਦੇ ਰੂਪ ਦੀ ਪੂਜਾ ਕੀਤੀ। ਪੰਜਾਬ, ਹਿਮਾਚਲ, ਹਰਿਆਣਾ, ਯੂ.ਪੀ.-ਬਿਹਾਰ, ਦਿੱਲੀ ਅਤੇ ਹੋਰ ਰਾਜਾਂ ਤੋਂ ਹਜ਼ਾਰਾਂ ਸ਼ਰਧਾਲੂ ਮਾਤਾ ਜੀ ਦੇ ਦਰਸ਼ਨਾਂ ਲਈ ਆਏ । ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਸ ਵਾਰ ਵੀ ਨਵਰਾਤਰੀ ਦੌਰਾਨ ਮੰਦਰ ਦੀ ਸਜਾਵਟ ਦਾ ਕੰਮ ਵਧੀਆ ਢੰਗ ਨਾਲ ਕੀਤਾ ਗਿਆ ਹੈ। ਫੁੱਲਾਂ ਨਾਲ ਸਜਿਆ ਮਾਤਾ ਦਾ ਦਰਬਾਰ ਕੁਦਰਤੀ ਸੁੰਦਰਤਾ ਦੀ ਅਥਾਹ ਛਾਂ ਬਿਖੇਰ ਰਿਹਾ ਹੈ।
‘
ਸ਼ਰਧਾਲੂਆਂ ਦੀ ਸਹੂਲਤ ਲਈ ਹਿਮਾਚਲ ਪ੍ਰਦੇਸ਼ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਰ ਟਰੱਸਟ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੱਖ-ਵੱਖ ਥਾਵਾਂ ‘ਤੇ ਪੁਲਿਸ ਫੋਰਸ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ, ਇਸ ਤੋਂ ਇਲਾਵਾ ਮੰਦਰ ‘ਚ ਸਾਬਕਾ ਫੌਜੀ ਜਵਾਨ ਵੀ ਤਾਇਨਾਤ ਹਨ। ਪੂਰੇ ਨੈਣਾ ਦੇਵੀ ਖੇਤਰ ਨੂੰ 9 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਵਿੱਚ ਇੱਕ ਸੈਕਟਰ ਮੈਜਿਸਟਰੇਟ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਵਿਵਸਥਾ ਬਣਾਈ ਰੱਖੀ ਜਾ ਸਕੇ ਅਤੇ ਸ਼ਰਧਾਲੂ ਕਤਾਰਾਂ ਵਿੱਚ ਹੀ ਮਾਤਾ ਜੀ ਦੇ ਦਰਸ਼ਨ ਕਰ ਸਕਣ।
ਮੇਲਾ ਪੁਲੀਸ ਅਧਿਕਾਰੀ ਵਿਕਰਾਂਤ ਨੇ ਦੱਸਿਆ ਕਿ ਇਸ ਵਾਰ ਚੈਤਰ ਮੇਲੇ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੀ ਗਿਣਤੀ ਵਿੱਚ ਪੁਲੀਸ ਫੋਰਸ ਹੋਮਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਵੀ ਵਿਉਂਤਬੰਦੀ ਕੀਤੀ ਗਈ ਹੈ। ਹਿਮਾਚਲ ਬਾਰਡਰ ਵਿੱਚ ਸ਼ਰਧਾਲੂ ਬੱਸਾਂ ਅਤੇ ਛੋਟੇ ਵਾਹਨਾਂ ਰਾਹੀਂ ਮੰਦਰ ਤੱਕ ਪਹੁੰਚ ਸਕਣਗੇ।