ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ। ਕਿ ਹੁਣ ਚੋਰ ਸਰਕਾਰੀ ਥਾਵਾਂ ਨੂੰ ਵੀ ਨਹੀਂ ਬਖਸ਼ ਰਹੇ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਬੂਟੇ ਵਾਲਾ ਅਤੇ ਰੁਕਣਾ ਮੁਗਲਾਂ ਤੋਂ ਸਾਹਮਣੇ ਆਇਆ ਹੈ। ਜਿਥੋਂ ਦੇ ਦੋ ਸਕੂਲਾਂ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬੂਟੇ ਵਾਲਾ ਦੇ ਸਕੂਲ ਸਟਾਫ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਲਗਾਤਾਰ ਚੋਰੀ ਹੋ ਰਹੀ ਹੈ ਅਤੇ ਇਸ ਵਾਰ ਵੀ ਚੋਰਾਂ ਨੇ ਸਕੂਲ ਵਿੱਚ ਕੋਈ ਸਮਾਨ ਨਹੀਂ ਛੱਡਿਆ ਜੋ ਚੋਰੀ ਨਾ ਕੀਤਾ ਹੋਵੇ। ਉਨ੍ਹਾਂ ਕਿਹਾ ਸਵੇਰੇ ਜਦ ਉਹ ਸਕੂਲ ਆਏ ਤਾਂ ਕਮਰਿਆਂ ਤੇ ਤਾਲੇ ਟੁੱਟੇ ਹੋਏ ਸਨ। ਅਤੇ ਕਮਰਿਆਂ ਵਿਚੋਂ ਗੈਸ ਸਿਲੰਡਰ, ਡੀਵੀਆਰ ਅਤੇ ਹੋਰ ਸਮਾਨ ਚੋਰੀ ਹੋ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਕੁੱਲ ਦੋ ਤੋਂ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਚੋਰੀ ਨਹੀਂ ਬਲਕਿ ਪਹਿਲਾਂ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਲਗਾਤਾਰ ਹੋ ਰਹੀ ਚੋਰੀ ਨੂੰ ਰੋਕਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ, ਉਨ੍ਹਾਂ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸਕੂਲਾਂ ਵਿੱਚ ਚੌਕੀਦਾਰ ਲਗਾਏ ਜਾਣ। ਉਨ੍ਹਾਂ ਕਿਹਾ ਇਸ ਸਬੰਧੀ ਕਈ ਵਾਰ ਉਹ ਪੁਲਿਸ ਨੂੰ ਵੀ ਸੂਚਿਤ ਕਰ ਚੁੱਕੇ ਹਨ। ਪਰ ਪੁਲਿਸ ਵੀ ਕੋਈ ਧਿਆਨ ਨਹੀਂ ਦੇ ਰਹੀ।
ਉਥੇ ਹੀ ਜੇਕਰ ਗੱਲ ਕਰੀਏ ਪਿੰਡ ਰੁਕਣਾ ਮੁਗਲਾਂ ਦੀ ਤਾਂ ਇਸ ਵਿੱਚ ਵੀ ਚੋਰਾਂ ਨੇ ਕਮਰਿਆਂ ਦੇ ਤਾਲੇ ਤੋੜ ਕੈਮਰਿਆਂ ਦਾ ਸਮਾਨ, ਬੱਚਿਆਂ ਦਾ ਰਾਸ਼ਨ ਅਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ ਉਨ੍ਹਾਂ ਮੰਗ ਕੀਤੀ ਹੈ। ਚੋਰਾਂ ਨੂੰ ਜਲਦ ਤੋਂ ਜਲਦ ਗਿਰਫਤਾਰ ਕੀਤਾ ਜਾਵੇ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਤੇ ਰੋਕ ਲੱਗ ਸਕੇ।