ਲੁਧਿਆਣਾ : ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਕਲਯੁੱਗੀ ਮਾਂ ਆਪਣੀ ਢਿੱਡੋਂ ਜੰਮੀ ਦੱਸ ਸਾਲ ਦੀ ਬੱਚੀ ਨੂੰ ਹਰ ਰੋਜ ਕੁੱਟਦੀ ਸੀ। ਨਿਊਜ਼ ਚੈਨਲਾਂ ਤੇ ਚੱਲੀ ਖ਼ਬਰ ਦੇਖਕੇ ਨਿਹੰਗ ਜੱਥੇਬੰਦੀਆਂ ਬੱਚੀ ਦੇ ਘਰ ਪਹੁੰਚ ਗਈਆਂ ਅਤੇ ਬੱਚੀ ਦੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਿਹੰਗ ਸਿੰਘਾਂ ਨਾਲ ਹੀ ਬਦਸਲੂਕੀ ਕਰਨ ਲੱਗ ਪਈ। ਮੌਕੇ ਤੇ ਮਾਹੌਲ ਏਨਾ ਗਰਮ ਹੋ ਗਿਆ ਕਿ ਗੱਲ ਹਥੋਪਾਈ ਤੱਕ ਪਹੁੰਚ ਗਈ। ਉਧਰ ਦੂਜੇ ਪਾਸੇ ਮੁਹੱਲੇ ਵਾਲਿਆਂ ਨੇ ਵੀ ਨਿਹੰਗ ਸਿੰਘਾਂ ਦਾ ਸਾਥ ਦਿੰਦਿਆਂ ਕਿਹਾ ਕਿ ਬੱਚੀ ਦੀ ਮਾਂ ਹਮੇਸ਼ਾਂ ਬੱਚੀ ਨਾਲ ਬੜੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਦੀ ਹੈ।
ਬੱਚੀ ਨੂੰ ਕੁਝ ਖਾਣ ਨੂੰ ਨਹੀਂ ਦਿੰਦੀ, ਜੇ ਮੁੱਹਲੇ ਵਾਲੇ ਬੱਚੀ ਦੀ ਮਦਦ ਕਰਦੇ ਹਨ ਤਾਂ ਉਹ ਉਲਟਾ ਮੁੱਹਲੇ ਵਾਲਿਆਂ ਨੂੰ ਹੀ ਗਾਲ੍ਹਾਂ ਕੱਢਣ ਲੱਗ ਜਾਂਦੀ ਹੈ। ਮੁੱਹਲੇ ਵਾਲਿਆਂ ਮੁਤਾਬਿਕ ਬੱਚੀ ਦੀ ਸ਼ਿਕਾਇਤ ਪੁਲਿਸ ਅਤੇ ਚਾਈਲਡ ਕੇਅਰ ਸੈਂਟਰ ਨੂੰ ਵੀ ਦਿੱਤੀ ਗਈ ਹੈ। ਪਰ ਉਹ ਬੱਚੀ ਦੀ ਮਾਂ ਨੂੰ ਸਮਝਾਕੇ ਚਲੇ ਜਾਂਦੇ ਹਨ। ਪਰ ਕੋਈ ਪੱਕੇ ਤੌਰ ਤੇ ਹੱਲ ਨਹੀਂ ਕੀਤਾ ਜਾਂਦਾ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸ਼ਨ ਜਾਂ ਚਾਈਲਡ ਕੇਅਰ ਸੁਸਾਇਟੀ ਇਸ ਮਾਮਲੇ ਵਿੱਚ ਦਖਲ ਦੇਕੇ ਛੋਟੀ ਬੱਚੀ ਨੂੰ ਇਨਸਾਫ਼ ਦਿਵਾ ਪਾਉਂਦੇ ਹਨ ਜਾਂ ਨਹੀਂ।
