ਕੋਟਕਪੂਰਾ : ਬੀਤੇ ਕੱਲ੍ਹ ਇਕ ਫੌਜੀ ਵਾਹਨ ਡੂੰਘੀ ਖੱਡ ਵਿਚ ਡਿੱਗ ਜਾਣ ਨਾਲ ਸ਼ਹੀਦ ਹੋਏ ਕੋਟਕਪੂਰਾ ਦੇ ਪਿੰਡ ਸਿਰਸੜੀ ਦੇ ਫੌਜੀ ਜਵਾਨ ਰਮੇਸ਼ ਲਾਲ ਦਾ ਅੰਤਿਮ ਸੰਸਕਾਰ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਫੌਜ ਦੀ ਟੁਕੜੀ, ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਸ਼ਹੀਦ ਦੇ ਪੁੱਤਰਾਂ ਨੇ ਫੁਲਮਾਲਾਵਾਂ ਅਰਪਿਤ ਕਰ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ, ਸ਼ਹੀਦ ਦੀ ਚਿਖਾ ਨੂੰ ਅੰਤਿਮ ਅੱਗ ਸ਼ਹੀਦ ਦੇ ਦੋਹਾਂ ਪੁੱਤਰਾਂ ਅਤੇ ਭਰਾ ਨੇ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆ ਪਿੰਡ ਵਾਸੀਆਂ ਨੇ ਕਿਹਾ ਕਿ ਫੌਜੀ ਰਮੇਸ਼ ਲਾਲ ਬਹੁਤ ਵਧੀਆ ਇਨਸਾਨ ਸੀ ਜੋ ਪਿੰਡ ਦੇ ਸਾਂਝੇ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਪਾਉਂਦਾ ਸੀ ਪਿੰਡ ਵਾਸੀਆਂ ਨੇ ਸ਼ਹੀਦ ਦੀ ਸ਼ਹਾਦਤ ਤੇ ਮਾਣ ਪ੍ਰਗਟਾਉਂਦਿਆਂ ਸਰਕਾਰ ਤੋਂ ਸ਼ਹੀਦ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਦੇ ਨਾਲ ਨਾਲ ਪਿੰਡ ਵਿਚ ਯਾਦਗਾਰ ਬਣਾਏ ਜਾਣ ਦੀ ਮੰਗ ਕੀਤੀ।
ਇਸ ਮੌਕੇ ਗੱਲਬਾਤ ਕਰਦਿਆ ਸ਼ਹੀਦ ਦੇ ਭਰਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਸ਼ਹੀਦ ਰਮੇਸ਼ ਲਾਲ ਦੀ ਸ਼ਹਾਦਤ ਤੇ ਮਾਣ ਹੈ। ਉਹਨਾਂ ਕਿਹਾ ਕਿ ਇਕੱਠ ਦਸਦਾਂ ਹੈ ਕਿ ਲੋਕ ਰਮੇਸ਼ ਲਾਲ ਦੀ ਸ਼ਹਾਦਤ ਤੋਂ ਕਿੰਨੇ ਮਾਣ ਮਹਿਸੂਸ ਕਰਦੇ ਨੇ। ਉਹਨਾਂ ਕਿਹਾ ਕਿ ਬੇਸ਼ੱਕ ਸ਼ਹੀਦ ਰਮੇਸ਼ ਲਾਲ ਸੀ ਸ਼ਹਾਦਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਪਰ ਇਸ ਤੋਂ ਵੀ ਵੱਡਾ ਘਾਟਾ ਭਾਰਤ ਨੂੰ ਪਿਆ ਜਿਸ ਦਾ ਇਕ ਰਾਖਾ ਦੁਨੀਆ ਨੂੰ ਅਲਵਿਦਾ ਕਹਿ ਗਿਆ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਵਿਚ ਸ਼ਹੀਦ ਦੀ ਯਾਦਗਾਰ ਬਣਾਈ ਜਾਵੇ ਅਤੇ ਸ਼ਹੀਦ ਦੇ ਪਰਿਵਾਰ ਦੀ ਆਰਥਿਕ ਮਦਦ ਦੇ ਨਾਲ ਨਾਲ ਸਰਕਾਰੀ ਨੌਕਰੀ ਵੀ ਪਰਿਵਾਰ ਨੂੰ ਦਿੱਤੀ ਜਾਵੇ।
