ਲੁਧਿਆਣਾ : ਪੁਲਿਸ ਦੇ ਸਾਈਬਰ ਸੈੱਲ ਨੇ ਆਨਲਾਈਨ ਧੋਖਾਧੜੀ ਰਾਹੀਂ ਲੋਕਾਂ ਦੇ ਪੈਸੇ ਹੜੱਪਣ ਵਾਲਿਆਂ ਖਿਲਾਫ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਪੀੜਤਾਂ ਦੇ ਖਾਤਿਆਂ ‘ਚ ਕੁੱਲ 28 ਲੱਖ 50 ਹਜ਼ਾਰ ਰੁਪਏ ਦੀ ਰਕਮ ਵਾਪਸ ਕਰਨ ਦਾ ਰਸਤਾ ਸਾਫ ਕਰ ਦਿੱਤਾ ਹੈ। ਇਸ ਮੌਕੇ ਏਡੀਸੀਪੀ ਹੈੱਡਕੁਆਰਟਰ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਦੇ ਸਾਈਬਰ ਸੈੱਲ ਨੇ ਕੁੱਲ 33 ਕੇਸਾਂ ਵਿੱਚ ਪੀੜਤਾਂ ਦੇ ਖਾਤਿਆਂ ਵਿੱਚ 28 ਲੱਖ 50 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਦੀ ਰਕਮ ਵਾਪਸ ਕਰਨ ਦਾ ਰਾਹ ਖੋਲ੍ਹ ਦਿੱਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਸਬੰਧੀ ਪੀੜਤਾਂ ਵੱਲੋਂ ਸਰਕਾਰ ਦੀ ਹੈਲਪਲਾਈਨ 1930 ‘ਤੇ ਸਾਈਬਰ ਧੋਖਾਧੜੀ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ।
ਜਿਸ ਕਾਰਨ ਬੈਂਕ ਨੇ ਉਸ ਨਾਲ ਕੀਤੀ ਧੋਖਾਧੜੀ ਦੀ ਰਕਮ ਫਰੀਜ਼ ਕਰ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਸੀਆਰਪੀਸੀ ਦੀ ਧਾਰਾ 457 ਤਹਿਤ ਪਰਚੇ ਦਰਜ ਕਰਕੇ ਅਦਾਲਤ ਵਿੱਚ ਰਿਕਾਰਡ ਪੇਸ਼ ਕੀਤਾ ਅਤੇ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਪੀੜਤਾਂ ਦੇ ਬੈਂਕ ਖਾਤਿਆਂ ਵਿੱਚ ਇਹ ਰਕਮ ਵਾਪਸ ਕਰਨ ਦਾ ਰਾਹ ਖੁੱਲ੍ਹ ਗਿਆ ਹੈ। ਜਦਕਿ 6 ਲੱਖ ਰੁਪਏ ਦੀ ਧੋਖਾਧੜੀ ਸਬੰਧੀ ਹੋਰ ਸ਼ਿਕਾਇਤਾਂ ‘ਤੇ ਵੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸਾਈਬਰ ਠੱਗਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
