ਲੋਕਾਂ ਨੇ ਇੱਕ ਲੁਟੇਰੇ ਨੂੰ ਫੜ ਉਸ ਦੀ ਕੀਤੀ ਛਿੱਤਰਪ੍ਰੇਡ
ਫਿਰੋਜ਼ਪੁਰ: ਜ਼ਿਲਾ ਫਿਰੋਜ਼ਪੁਰ ਵਿੱਚ ਲੁੱਟਾਂ ਖੋਹਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ, ਹਾਲਾਤ ਇਹ ਬਣੇ ਪਏ ਹਨ ਕਿ ਲੁਟੇਰੇ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੈ ਹਨ। ਗੁੰਡਾ ਅਨਸਰ ਸ਼ਰੇਆਮ ਹਥਿਆਰ ਲੈ ਸ਼ਹਿਰ ਵਿੱਚ ਘੁੰਮ ਰਹੇ ਹ। ਅਤੇ ਜਦੋਂ ਜੀਅ ਕਰਦਾ ਕਿਸੇ ਤੇ ਵੀ ਪਿਸਤੌਲ ਤਾਣ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਜਾਂਦੇ ਹਨ।
ਤਾਜਾ ਮਾਮਲਾ ਫਿਰੋਜ਼ਪੁਰ ਕੈਂਟ ਦੀ ਪੁਰਾਣੀ ਦਾਣਾ ਮੰਡੀ ਤੋਂ ਸਾਹਮਣੇ ਆਇਆ ਹੈ। ਜਿਥੇ ਦੋ ਨਕਾਬਪੋਸ਼ ਲੁਟੇਰਿਆਂ ਨੇ ਇੱਕ ਆੜਤ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਜਿਸਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦੋ ਲੁਟੇਰੇ ਆਉਂਦੇ ਹਨ ਅਤੇ ਪਿਸਤੌਲ ਕੱਢ ਲੈਂਦੇ ਹਨ, ਅਤੇ ਮੁਨੀਮ ਤੇ ਤਾਣ ਉਸ ਕੋਲੋਂ ਚਾਬੀ ਮੰਗਦੇ ਹਨ ਅਤੇ ਪਿਸਤੌਲ ਦੀ ਨੋਕ ਤੇ ਕਰੀਬ 40 ਹਜਾਰ ਰੁਪਏ ਲੁੱਟ ਫਰਾਰ ਹੋ ਜਾਂਦੇ ਹਨ।
ਫਿਰੋਜ਼ਪੁਰ ਵਿੱਚ ਦਿਨ ਦਿਹਾੜੇ ਹੋਈ ਲੁੱਟ ਨੂੰ ਲੈਕੇ ਜਾਣਕਾਰੀ ਦਿੰਦਿਆਂ ਮੁਨੀਮ ਦੇ ਪਿਤਾ ਅਸ਼ੋਕ ਗੁਪਤਾ ਨੇ ਦੱਸਿਆ ਕਿ ਦੁਪਹਿਰ 3.30 ਵਜੇ ਦੇ ਕਰੀਬ ਦੋ ਹਥਿਆਰਬੰਦ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ‘ਤੇ ਆਏ, ਮੋਟਰਸਾਈਕਲ ਨੂੰ ਬਾਹਰ ਖੜ੍ਹਾ ਕਰਕੇ ਆੜਤ ‘ਚ ਦਾਖਲ ਹੋਏ ਤਾਂ ਇਕ ਲੁਟੇਰੇ ਨੇ ਦਫਤਰ ‘ਚ ਬੈਠੇ ਉਸਦੇ ਬੇਟੇ ‘ਤੇ ਪਿਸਤੌਲ ਤਾਣ ਦਿੱਤੀ। ਅਤੇ ਕਿਹਾ ਕਿ ਤੁਹਾਡੇ ਕੋਲ ਜੋ ਵੀ ਹੈ ਸਾਨੂੰ ਦੇ ਦਿਓ ਨਹੀਂ ਤਾਂ ਅਸੀਂ ਤੈਨੂੰ ਗੋਲੀ ਮਾਰ ਦੇਵਾਂਗੇ ਪਿਸਤੌਲ ਦੀ ਨੋਕ ‘ਤੇ ਇਨ੍ਹਾਂ ਲੁਟੇਰਿਆਂ ਨੇ ਰਾਹੁਲ ਨੂੰ ਟੇਬਲ ਦਾ ਦਰਾਜ਼ ਖੋਲ ਕੇ ਉਸ ਕੋਲੋਂ 40 ਹਜ਼ਾਰ ਰੁਪਏ ਅਤੇ ਇਕ ਮੋਬਾਈਲ ਫੋਨ ਖੋਹ ਲਿਆ ਅਤੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। ਰਾਹੁਲ ਨੇ ਜਿਵੇਂ ਹੀ ਬਾਹਰ ਆ ਕੇ ਰੌਲਾ ਪਾਇਆ ਤਾਂ ਲੋਕਾਂ ਨੇ ਪਿੱਛਾ ਕਰ ਕੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਉਮਰਾਓ ਸਿੰਘ ਵਾਸੀ ਸਾਈਆਂ ਵਾਲਾ ਵਜੋਂ ਹੋਈ ਹੈ, ਜਦਕਿ ਉਸ ਦਾ ਦੂਜਾ ਸਾਥੀ ਚੰਚਲ ਸਿੰਘ ਵਾਸੀ ਪਿੰਡ ਤੂਤ ਭੱਜਣ ਵਿੱਚ ਕਾਮਯਾਬ ਹੋ ਗਿਆ, ਪੁਲਿਸ ਉਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।