ਬਟਾਲਾ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਬਟਾਲਾ ਵਿਖੇ ਗਾਂਧੀ ਚੌਂਕ ਤੋਂ ਐਸ ਡੀ ਐਮ ਦਫਤਰ ਤੱਕ ਸਰਕਾਰਾਂ ਖਿਲਾਫ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨਾਂ ਵਲੋਂ ਸਰਕਾਰਾਂ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈ ਫਸਲ ਦੇ ਮੁਆਵਜੇ ਲਈ ਸਰਕਾਰ ਨੇ ਪ੍ਰਸ਼ਾਸਨ ਨੂੰ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਹੋਏ ਹਨ ਪਰ ਪ੍ਰਸ਼ਾਸਨ ਨੇ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਤੇ ਟੰਗ ਰੱਖਿਆ ਹੈ ਅਤੇ ਅਜੇ ਤਕ ਪਿੰਡਾਂ ਅੰਦਰ ਕੋਈ ਅਧਿਕਾਰੀ ਫਸਲਾਂ ਦਾ ਜਾਇਜ਼ਾ ਲੈਣ ਤਕ ਨਹੀਂ ਪਹੁੰਚਿਆ, ਨਾਲ ਹੀ ਓਹਨਾਂ ਕਿਹਾ ਕਿ ਐਨ.ਐਸ.ਏ. ਕਾਨੂੰਨ ਨੂੰ ਖਤਮ ਕੀਤਾ ਜਾਵੇ।
ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਬੀ.ਐਸ.ਐਫ. ਫ਼ੋਰਸਾਂ ਲਗਾ ਕੇ ਬਿਨਾ ਵਜ੍ਹਾ ਮਾਹੌਲ ਦਹਿਸ਼ਤ ਭਰਿਆ ਬਣਾਇਆ ਜਾ ਰਿਹਾ ਹੈ। ਇਸ ਲਈ ਬੀ. ਐਸ. ਐਫ. ਫੋਰਸਾਂ ਨੂੰ ਵਾਪਿਸ ਬੁਲਾਇਆ ਜਾਵੇ ਤਾਂਕਿ ਪੰਜਾਬ ਦਾ ਮਾਹੌਲ ਸ਼ਾਂਤਮਈ ਹੋ ਸਕੇ ਨਾਲ ਹੀ ਓਹਨਾਂ ਕਿਹਾ ਕਿ ਫਸਲਾਂ ਦਾ ਮੁਆਵਜਾ ਜਲਦ ਤੋਂ ਜਲਦ ਦਿੱਤਾ ਜਾਵੇ।