“ਜੋ ਕਰਨਗੇ ਸੋ ਭਰਨਗੇ ਤੈ ਕਿਓ ਪਓ ਓਦਾਸ”: ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ
ਬਠਿੰਡਾ: ਬੀਤੇ ਦਿਨ ਕੋਰਟ ਵਿਚ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵਲੋ ਪਲਾਟਾਂ ਦੀ ਖਰੀਦ- ਫਰੋਖਤ ਦੇ ਮਾਮਲੇ ਵਿੱਚ ਬਲੈਂਕਟ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਮਨਪ੍ਰੀਤ ਬਾਦਲ ਨੂੰ ਖਦਸ਼ਾ ਹੈ ਕਿ ਵਿਜੀਲੈਂਸ ਉਹਨਾਂ ਨੂੰ ਗਿਰਫ਼ਤਾਰ ਕਰ ਸਕਦੀ ਹੈ। ਜਿਸ ਕਰਕੇ ਮਨਪ੍ਰੀਤ ਬਾਦਲ ਵੱਲੋਂ ਅਦਾਲਤ ਦਾ ਰੁੱਖ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਵਧੀਕ ਅਤੇ ਜ਼ਿਲ੍ਹਾ ਸੈਸ਼ਨ ਜੱਜ ਰਾਮ ਕੁਮਾਰ ਗੋਇਲ ਦੀ ਅਦਾਲਤ ਵੱਲੋਂ ਵਿਜ਼ੀਨਸ ਨੂੰ ਨੋਟਿਸ ਭੇਜ ਕੇ ਜਾਂਚ ਦੇ ਰਿਕਾਰਡ ਲੈਕੇ 26 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਪੂਰੇ ਮਾਮਲੇ ਨੂੰ ਲੈਕੇ ਸ਼ਿਕਾਇਤ ਕਰਤਾ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਵੱਲੋਂ ਆਪਣਾ ਪ੍ਰਤੀਕਰਮ ਦਿੰਦਿਆਂ ਹੋਇਆਂ ਕਿਹਾ “ਜੋ ਕਰਨਗੇ ਸੋ ਭਰਨਗੇ ਤੈ ਕਿਓ ਪਓ ਓਦਾਸ” ਮਨਪ੍ਰੀਤ ਬਾਦਲ ਨੇ ਮਾੜਾ ਕਰਮ ਕੀਤਾ ਸੀ ਇਸ ਕਰਕੇ ਉਹ ਭਰਨਗੇ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਪਰ ਕੀ ਸਰਕਾਰ ਆਪਣੀ ਕਾਰਵਾਈ ਸਹੀ ਢੰਗ ਨਾਲ ਕਰ ਪਾਵੇਗੀ ,ਇਹ ਤਾਂ ਹਜੇ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਹਾਲੇ ਤਾਂ ਪੂਣੀ ਵੀ ਨਹੀਂ ਕੱਤੀ ਗਈ।
ਸਰੂਪ ਚੰਦ ਸਿੰਗਲਾ ਅਤੇ ਮਨਪ੍ਰੀਤ ਬਾਦਲ ਦੀ ਤਲਖੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹੋਈ ਸੀ। ਉਸ ਸਮੇਂ ਮਨਪ੍ਰੀਤ ਬਾਦਲ ਕਾਂਗਰਸ ਤੋਂ ਅਤੇ ਸਰੂਪ ਦਾ ਅਕਾਲੀ ਦਲ ਪਾਰਟੀ ਤੋਂ ਚੋਣ ਲੜ ਰਹੇ ਸੀ। ਪਰ ਹੁਣ ਸਰੂਪ ਚੰਦ ਸਿੰਗਲਾ ਤੇ ਮਨਪ੍ਰੀਤ ਬਾਦਲ ਇੱਕੋ ਪਾਰਟੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਗੱਲ ਦਾ ਜਵਾਬ ਦਿੰਦੇ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਚੰਗਾ ਕਰਮ ਕਰ ਪਾਰਟੀ ਵਿੱਚ ਵੱਧਣ, ਪਰ ਜੋ ਮਾੜਾ ਕੰਮ ਉਹਨਾ ਦੇ ਵੱਲੋਂ ਕੀਤਾ ਗਿਆ ਉਹ ਤਾਂ ਭਰਨਾ ਹੀ ਪਵੇਗਾ।