2 ਸਾਲ ਤੋਂ ਕੇਂਦਰ ਤੇ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਹਜ਼ਾਰਾਂ ਲੋਕ ਹੋ ਰਹੇ ਪਰੇਸ਼ਾਨ
ਰੂਪਨਗਰ: ਬੀਤੇ 19 ਮਹੀਨਿਆਂ ਤੋਂ ਰੂਪ ਨਗਰ ਸ਼ਹਿਰ ਨੂੰ ਚੰਡੀਗੜ੍ਹ ਤੇ ਬਾਕੀ ਉੱਤਰ ਭਾਰਤ ਨੂੰ ਜੋੜਨ ਵਾਲੇ ਸਰਹਿੰਦ ਕਨਾਲ ਪੁੱਲ ਦੇ ਢਿੱਲੇ ਨਿਰਮਾਣ ਕਾਰਜ ਦੇ ਵਿਰੋਧ ਵਿੱਚ ਪੰਜਾਬ ਮੋਰਚਾ ਤੇ ਕੁਦਰਤ ਦੇ ਸਭ ਬੰਦੇ ਟੀਮ ਵੱਲੋਂ ਸੂਬਾ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜਤਾਇਆ ਗਿਆ। ਇੱਥੇ ਰੋਸ਼ ਜਾਹਰ ਕਰਨ ਵਾਲੇ ਆਗੂਆਂ ਵੱਲੋਂ ਮਾੜਾ ਸਿਸਟਮ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਕਮਜ਼ੋਰ ਸਰਕਾਰਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਗੱਲਬਾਤ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਤੇ ਕੁਦਰਤ ਦੇ ਸਭ ਬੰਦੇ ਟੀਮ ਦੇ ਮੁੱਖੀ ਵਿੱਕੀ ਧੀਮਾਨ ਘਨੌਲੀ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਣ ਰੂਪਨਗਰ ਸ਼ਹਿਰ ਸਮੇਤ ਨੂਰਪੁਰਬੇਦੀ ਘਨੌਲੀ ਹਿਮਾਚਲ ਤੱਕ ਦੇ ਹਜ਼ਾਰਾਂ ਲੋਕ ਨਿੱਤ ਦਿਨ ਖੱਜਲ ਖੁਆਰ ਹੋ ਰਹੇ ਹਨ।
ਉਹਨਾਂ ਨੇ ਕਿਹਾ ਕਿ ਜਾਣਕਾਰੀ ਮੁਤਾਬਕ ਦਸੰਬਰ 2022 ਵਿੱਚ ਇਥੇ ਪੁਰਾਣੇ ਪੁੱਲ ਨੂੰ ਡਿਸਮੈਟਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪਰ ਪੁਲ ਬਣਾਉਣ ਦੇ ਲਈ ਕੁਝ ਜ਼ਰੂਰੀ ਮਨਜ਼ੂਰੀਆਂ ਮਾਰਚ 23 ਵਿੱਚ ਪ੍ਰਾਪਤ ਹੋਈਆਂ। ਉਹਨਾਂ ਨੇ ਕਿਹਾ ਕਿ ਇਹ ਸੂਬਾ ਤੇ ਕੇਂਦਰ ਦੇ ਵਿਧਾਇਕ, ਐੱਮਪੀ ‘ਤੇ ਮੰਤਰੀਆਂ ਦੀ ਕਮਜ਼ੋਰ ਲੀਡਰਸ਼ਿਪ ਦਾ ਨਤੀਜਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੀਆਂ ਬਿਨਾਂ ਮਨਜ਼ੂਰੀਆਂ ਤੋਂ ਐਡੇ ਵੱਡੇ ਕੰਮ ਨੂੰ ਸ਼ੁਰੂ ਹੋਣ ਦਿੱਤਾ ਗਿਆ, ਜਿਸ ਦਾ ਨਤੀਜਾ ਇਹ ਹੈ ਕਿ ਬੀਤੇ 19 ਮਹੀਨਿਆਂ ਤੋਂ ਹਜ਼ਾਰਾਂ ਲੋਕ ਤੰਗ ਹੋ ਰਹੇ ਹਨ।
ਘਨੌਲੀ ਖਿੱਤੇ ਤੋਂ ਰੂਪਨਗਰ ਕਚਹਿਰੀ ਪਹੁੰਚਣ ਲਈ ਸਿਰਫ 10 ਮਿੰਟ ਦਾ ਰਸਤਾ ਲੱਗਦਾ ਸੀ ਤੇ ਹੁਣ ਇਸ ਪੁੱਲ ਦੀ ਅਣਹੋਂਦ ਕਾਰਨ ਉਨ੍ਹਾਂ ਨੂੰ ਅੱਧਾ ਘੰਟਾ ਫਾਲਤੂ ਸਮਾਂ ਤੇ ਰੇਲ ਫਾਟਕਾ ਦੀ ਖੱਜਲ ਖੁਆਰੀ ਪੈਂਦੀ ਹੈ। ਇਸੇ ਪ੍ਰਕਾਰ ਨੂਰਪੁਰ ਬੇਦੀ ਇਲਾਕੇ ਦੇ ਲੋਕਾਂ ਨੂੰ ਬਾਇਆ ਬੂੰਗਾ ਮਾਰਗ ਦਾ ਰਾਸਤਾ ਅਪਣਾਉਣਾ ਪੈਂਦਾ ਹੈ। ਕਿਉਂਕਿ ਉਹਨਾਂ ਨੂੰ ਨੂਰਪੁਰ ਤੋਂ ਚੰਡੀਗੜ੍ਹ ਆਦਿ ਜਾਣ ਦੇ ਲਈ ਸ਼ਹਿਰ ਦੀਆਂ ਘੁੰਮਣ ਘੇਰੀਆਂ ਤੇ ਜਾਮਾ ਵਿੱਚ ਫਸਣਾ ਪੈਂਦਾ ਹੈ।ਪਰ ਉਥੇ ਕਿਸੇ ਤਰ੍ਹਾਂ ਦੀ ਬੱਸ ਸੁਵਿਧਾ ਨਾ ਹੋਣ ਕਾਰਨ ਆਮ ਰਾਹਗੀਰ ਤੇ ਮਿਡਲ ਵਰਗ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਰੂਪਨਗਰ ਦੇ ਸਥਾਨਕ ਲੋਕ ਵੀ ਛੋਟੇ ਜਿਹੇ ਸ਼ਹਿਰ ਵਿਚ ਇਕ ਦੂਜੇ ਸਥਾਨ ਤੇ ਪਹੁੰਚਣ ਦੇ ਲਈ ਅਭਿਮੰਨਿਊ ਚੱਕਰ ਦੀ ਤਰ੍ਹਾਂ ਧੱਕੇ ਖਾਂਦੇ ਹਨ। ਤੇ ਰੂਪਨਗਰ ਸ਼ਹਿਰ ਦੇ ਵਪਾਰ ਨੂੰ ਵੀ ਵੱਡਾ ਨੁਕਸਾਨ ਸੜਕਾਂ ਦੀ ਸਹੀ ਕਨੈਕਟੀਵਿਟੀ ਨਾ ਹੋਣ ਕਾਰਨ ਝੱਲਣਾ ਪੈ ਰਿਹਾ ਹੈ।
ਦਿਲਬਾਗ ਸਿੰਘ ਹੀਰਪੁਰ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਲਿੰਕ ਰੋੜਾ ਉੱਤੇ ਹਾਦਸੇ ਵੱਧ ਗਏ ਹਨ। ਉਹਨਾਂ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਫਸਰ ਸ਼ਾਹੀ ਨੇ ਦਾਵਾ ਕੀਤਾ ਹੈ ਕਿ ਛੇ ਮਹੀਨੇ ਵਿੱਚ ਇਹ ਪੁਲ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਤੇ ਜੇਕਰ 6 ਮਹੀਨੇ ਵਿੱਚ ਪ੍ਰਸ਼ਾਸ਼ਨ ਤੇ ਸਰਕਾਰਾਂ ਇਸ ਪੁਲ ਦਾ ਕੰਮ ਮੁਕੰਮਲ ਨਾ ਕਰਵਾਇਆ ਤਾਂ ਉਹ ਪੱਕੇ ਤੌਰ ਤੇ ਇੱਥੇ ਮੋਰਚਾ ਖੋਲ੍ਹਣਗੇ।
ਇਸ ਮੌਕੇ ਉੱਥੇ ਦਿਲਬਾਗ ਸਿੰਘ ਹੀਰਪੁਰ, ਯਾਦਵਿੰਦਰ ਸਿੰਘ, ਹਰਪ੍ਰੀਤ ਸਿੰਘ ਕਾਲਾ, ਪਵਨ ਕੁਮਾਰ ਆਜ਼ਮਪੁਰ, ਕ੍ਰਿਸ਼ਨ ਕੁਮਾਰ, ਰਾਮਾ ਨੂਰਪੁਰ ਬੇਦੀ, ਰਾਣਾ ਘਨੌਲੀ, ਸਮੇਤ ਕਈ ਨੌਜਵਾਨ ਹਾਜਰ ਸਨ।
