ਰਾਏਕੋਟ : ਭਾਰਤ ਸਰਕਾਰ ਦੀਆਂ 76ਵੀ ਸਕੂਲ ਆਫ਼ ਗੇਮਜ ਅੰਡਰ-17 ਵਿੱਚੋਂ ਸੋਹੀਆਂ ਸਕੂਲ ਦੇ ਖਿਡਾਰੀ ਪਰਮਵੀਰ ਸਿੰਘ ਨੇ ਪੰਜਾਬ ਤਰਫੋਂ ਖੇਡ ਕੇ ਨੈਸ਼ਨਲ ਪੱਧਰ ‘ਤੇ ਸਿਲਵਰ ਮੈਡਲ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਸਕੂਲ ਆਫ਼ ਗੇਮਜ ਜੋ ਬੈਂਗਲੋਰ ਵਿਖੇ ਹੋਈਆਂ ਸਨ, ਉਸ ਵਿੱਚ ਪੰਜਾਬ ਤਰਫੋਂ ਸੋਹੀਆਂ ਸਕੂਲ ਦੇ ਵਿਦਿਆਰਥੀ ਪਰਮਵੀਰ ਸਿੰਘ ਨੇ ਟੀਮ ਤੇ ਵਿਅਕਤੀਗਤ ਪੱਧਰ ‘ਤੇ ਦੋ ਮੈਡਲ ਪ੍ਰਾਪਤ ਕੀਤੇ ਹਨ। ਜਿੱਤ ਉਪਰੰਤ ਅੱਜ ਪਰਮਵੀਰ ਸਿੰਘ ਤੇ ਹੋਰਨਾਂ ਖਿਡਾਰੀਆਂ ਦਾ ਸਕੂਲ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਜੇਤੂ ਖਿਡਾਰੀਆਂ ਪਰਮਵੀਰ ਸਿੰਘ, ਖਿਡਾਰਨਾਂ ਖੁਸ਼ਵੀਰ ਕੌਰ ਤੇ ਸੰਧਿਆ ਕੁਮਾਰੀ ਨੂੰ ਇਕ ਖੁੱਲ੍ਹੀ ਜੀਪ ਰਾਹੀਂ ਵੱਖ-ਵੱਖ ਸਕੂਲਾਂ ਵਿੱਚ ਲਿਜਾਇਆ ਗਿਆ। ਇਥੇ ਬਾਕਿ ਵਿਦਿਆਰਥੀਆਂ ਨੂੰ ਇਨ੍ਹਾਂ ਖਿਡਾਰੀਆਂ ਤੋਂ ਪ੍ਰੇਰਨਾਂ ਲੈਣ ਦਾ ਸੁਨੇਹਾਂ ਦਿੱਤਾ ਗਿਆ। ਇਸ ਮੌਕੇ ਪਰਮਵੀਰ ਸਿੰਘ ਦੀਆਂ ਪ੍ਰਾਪਤੀਆਂ ‘ਤੇ ਨਾਜ਼ ਕਰਦਿਆਂ ਕੋਚ ਜੱਜਵੀਰ ਸਿੰਘ ਜੱਸੋਵਾਲ ਨੇ ਇਸ ਸਫ਼ਲਤਾ ਲਈ ਸਕੂਲ ਮੁਖੀ ਤੇ ਪਰਮਵੀਰ ਦੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਮੌਕੇ ਪਰਮਵੀਰ ਸਿੰਘ ਨੇ ਆਖਿਆ ਕਿ ਨੈਸ਼ਨਲ ਪੱਧਰ ਦੀ ਇਸ ਪ੍ਰਾਪਤੀ ਤੋਂ ਬਾਅਦ ਉਸਦਾ ਨਿਸ਼ਾਨਾ ਵਰਲਡ ਪੱਧਰ ਦਾ ਚੰਗਾ ਖਿਡਾਰੀ ਬਣਨਾਂ ਹੈ।