ਫਿਰੋਜ਼ਪੁਰ : ਅੱਜ ਫਿਰੋਜ਼ਪੁਰ ਪੁਲਿਸ ਲਾਇਨ ਦੇ ਨਜਦੀਕ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਦੋ ਪੁੱਤਰਾਂ ਦੇ ਸਾਹਮਣੇ ਹੀ ਪਿਓ ਨੇ ਦਮ ਤੋੜ ਦਿੱਤਾ ਅਤੇ ਪੁੱਤਰ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਜਾਣਕਾਰੀ ਅਨੁਸਾਰ ਮ੍ਰਿਤਕ ਸਾਰਜ ਸਿੰਘ ਉਮਰ ਕਰੀਬ 45 ਸਾਲ ਵਾਸੀ ਪਿੰਡ ਜੋਧਪੁਰ ਜੋ ਐਮ.ਪੀ. ਵਿੱਚ ਮਸ਼ੀਨ ਨਾਲ ਕਣਕ ਦਾ ਸੀਜਨ ਲਗਾਉਣ ਲਈ ਗਿਆ ਹੋਇਆ ਸੀ ਅਤੇ ਅੱਜ ਜਦੋਂ ਉਹ ਕਾਫੀ ਦਿਨਾਂ ਬਾਅਦ ਘਰ ਵਾਪਸ ਆ ਰਿਹਾ ਸੀ। ਜਿਸਨੂੰ ਰੇਲਵੇ ਸਟੇਸ਼ਨ ਤੋਂ ਮੋਟਰਸਾਈਕਲ ਤੇ ਲੈਕੇ ਉਸਦੇ ਦੋ ਪੁੱਤਰ ਘਰ ਵਾਪਿਸ ਜਾ ਰਹੇ ਸਨ ਕਿ ਜਦ ਉਹ ਪੁਲਿਸ ਲਾਈਨ ਦੇ ਨਜਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਮਹਿੰਦਰਾ ਪਿਕਅੱਪ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਦੌਰਾਨ ਸਾਰਜ ਸਿੰਘ ਦੀ ਮੌਤ ਹੋ ਗਈ ਅਤੇ ਦੋਨੋਂ ਲੜਕੇ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਦੂਸਰੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਸਾਰਜ ਸਿੰਘ ਦੀ ਲਾਸ਼ ਨੂੰ ਕਬਜੇ ਵਿੱਚ ਲੈਕੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।