ਲੁਧਿਆਣਾ : ਰਾਏਕੋਟ ਦੇ ਨਜ਼ਦੀਕੀ ਪਿੰਡ ਦੱਦਾਹੂਰ ਵਿਖੇ ਨਹਿਰ ਦੇ ਕਿਨਾਰੇ ਅਣਪਛਾਤੇ ਲੋਕਾਂ ਵੱਲੋਂ ਦਰਜਨ ਦੇ ਕਰੀਬ ਗਾਵਾਂ ਨੂੰ ਵੱਢਣ ਦਾ ਮਾਮਲਾ ਸਾਮਣੇ ਆਇਆ ਹੈ। ਜਿਸ ਕਾਰਨ ਲੋਕਾ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹਾ ਅਤੇ ਬਰਨਾਲਾ ਜ਼ਿਲ੍ਹਾ ਦੀ ਹੱਦ ਤੇ ਪੈਂਦੇ ਪਿੰਡ ਦਦਾਹੂਰ ਦੀ ਨਹਿਰ ਦੇ ਕਿਨਾਰੇ ਕੁਝ ਲੋਕਾਂ ਵੱਲੋਂ ਦਰਜਨ ਦੇ ਕਰੀਬ ਗਾਵਾਂ ਵੱਢ ਕੇ ਉਹਨਾਂ ਦਾ ਮਾਸ ਵੇਚਣ ਲਈ ਇਕੱਠਾ ਕਰ ਲਿਆ ਗਿਆ। ਗਊਆਂ ਦੇ ਸਿਰ ,ਪੈਰ ਅਤੇ ਖੱਲਾਂ ਰੁਲਦੇ ਦੇਖੇ ਗਏ, ਜਿਸਤੋਂ ਬਾਅਦ ਮੌਕੇ ਤੇ ਪੁੱਜੇ ਪਿੰਡ ਵਾਸੀਆ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਮੌਕੇ ਤੇ ਪੁੱਜੀ ਪੁਲਿਸ ਨੇ ਗਊਆਂ ਦੀਆਂ ਲਾਸ਼ਾਂ ਡਰੇਨ ਕਿਨਾਰੇ ਜਾ ਕੇ ਦੱਬ ਦਿੱਤੀਆਂ।
ਪਿੰਡ ਦੱਦਾਹੂਰ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਰੋਸ਼ ਪ੍ਰਗਟ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਉਹਨਾਂ ਨੂੰ ਬਿਨਾਂ ਵਿਸ਼ਵਾਸ ਵਿੱਚ ਲਏ ਲਾਸ਼ਾਂ ਖੁਰਦ ਬੁਰਦ ਕੀਤੀਆਂ ਹਨ। ਸਨਾਤਨ ਧਰਮ ਦੇ ਆਗੂਆਂ ਨੇ ਵੀ ਇਸ ਪ੍ਰਤੀ ਭਾਰਾ ਰੋਸ ਪ੍ਰਗਟ ਕਰਦੇ ਹੋਏ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਥਾਣਾ ਮਹਿਲ ਕਲਾਂ ਦੇ ਐਸਐਚਓ ਹੀਰਾ ਸਿੰਘ ਕਿਹਾ ਕਿ ਉਹਨਾਂ ਵੱਲੋਂ ਬਕਾਇਦਾ ਵੈਟਰਨਰੀ ਡਾਕਟਰ ਦੀ ਟੀਮ ਦਾ ਬੋਰਡ ਬਣਾ ਕੇ ਗਊਆਂ ਨੂੰ ਦਫਨਾਇਆ ਗਿਆ ਹੈ। ਉਕਤ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ। ਪੁਲਿਸ ਦੋਸ਼ੀਆਂ ਦੀ ਭਾਲ ਚ ਛਾਣਬੀਣ ਕਰ ਰਹੀ ਹੈ।