ਲੁਧਿਆਣਾ : ਇੱਕ ਪਾਸੇ ਅੱਜ ਦਾ ਨੌਜਵਾਨ ਨਸ਼ਿਆਂ ਤੇ ਹੋਰ ਅਲਾਮਤਾਂ ਦੇ ਵਿੱਚ ਗ੍ਰਿਫਤ ਹੋ ਕੇ ਆਪਣਾ ਭਵਿੱਖ ਖਤਰੇ ਵਿੱਚ ਪਾ ਰਿਹਾ ਦੂਸਰੇ ਪਾਸੇ ਕੁਝ ਨੌਜਵਾਨ ਆਪਣੇ ਚੰਗੇ ਕੰਮਾਂ ਕਰਕੇ ਸਮਾਜ ਦੇ ਲਈ ਪ੍ਰੇਰਨਾ ਸਰੋਤ ਬਣਦੇ ਹਨ । ਐਸੀ ਹੀ ਇੱਕ ਮਿਸਾਲ ਜਗਰਾਉਂ ਦੇ ਨੇੜਲੇ ਪਿੰਡ ਅਖਾੜਾ ਦੇ ਵਿੱਚ ਦੇਖਣ ਨੂੰ ਮਿਲੀ, ਜਿੱਥੇ ਇੱਕ ਨੌਜਵਾਨ ਗੁਰਸੇਵਕ ਸਿੰਘ ਜਿਸਦੀ ਦਿਲ ਦਾ ਦੌਰਾ ਪੈਣ ਕਾਰਨ ਬੀਤੀ ਰਾਤ ਨੂੰ ਮੌਤ ਹੋ ਗਈ ਸੀ ਨੇ ਆਪਣਾ ਸ਼ਰੀਰ ਦਾਨ ਕਰਕੇ ਸਮਾਜ ਦੇ ਵਿੱਚ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ ਹੈ।
ਇੱਥੇ ਦੱਸਣਯੋਗ ਹੈ ਕਿ ਗੁਰਸੇਵਕ ਸਿੰਘ (32 ਸਾਲ ) ਜੋ ਕਿ ਆਪਣੇ ਸਹੁਰੇ ਪਿੰਡ ਅਖਾੜਾ ਵਿੱਖੇ ਪਰਿਵਾਰ ਨਾਲ ਰਹਿੰਦਾ ਸੀ, ਲੰਘੀ ਰਾਤ ਅਚਾਨਕ ਜਦੋਂ ਉਸ ਨੂੰ ਦਿਲ ਦੀ ਤਕਲੀਫ ਹੋਈ ਤਾਂ ਉਸਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਡਾਕਟਰ ਦੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਰਸਤੇ ਵਿੱਚ ਜਾਂਦਿਆਂ ਉਸਦੀ ਮੌਤ ਹੋ ਗਈ। ਗੁਰਸੇਵਕ ਸਿੰਘ ਬੇਹਦ ਨਿਮਰਤਾ ਵਾਲਾ ਸਾਊ ਅਤੇ ਮਿਹਨਤਕਸ਼ ਨੌਜਵਾਨ ਸੀ, ਜਿਸ ਦੇ ਜਾਨ ਨਾਲ ਉਸਦੇ ਪਰਿਵਾਰ ਨੂੰ ਹੀ ਨਹੀਂ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਅੱਜ ਗੁਰਸੇਵਕ ਸਿੰਘ ਨੂੰ ਇੱਕ ਵੱਡੇ ਇਕੱਠ ਨੇ ਭਰੀਆਂ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੰਦਿਆਂ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਨੂੰ ਵਿਦਿਆਰਥੀਆਂ ਦੀ ਖੋਜ ਵਾਸਤੇ ਦਾਨ ਕੀਤਾ।