ਦਸੂਹਾ : ਹਲਕਾ ਦਸੂਹਾ ਦੇ ਜੰਗਲਾਂ ਵਿਚ ਵਨ ਮਾਫੀਆ ਵਲੋਂ ਆਏ ਦਿਨ ਜੰਗਲ ਵਿਚੋਂ ਬੇਸ਼ਕੀਮਤੀ ਖੈਰ ਦੀ ਲੱਕੜ ਦੀ ਤਸਕਰੀ ਕੀਤੀ ਜਾ ਰਹੀ ਹੈ ਜਿਸਦਾ ਤਾਜ਼ਾ ਮਾਮਲਾ ਵਨ ਵਿਭਾਗ ਬਡਲਾ ਰੇਂਜ ਦੇ ਪਿੰਡ ਸੈਂਸੋ ਨੇਕਨਾਮਾ ਦੇ ਜੰਗਲਾਂ ਦਾ ਸਾਮਣੇ ਆਇਆ ਹੈ। ਵਨ ਮਾਫੀਆ ਵੋਲੋਂ ਪਹਿਲਾਂ ਤਾਂ ਸਰਕਾਰੀ ਰਕਬੇ ਵਿਚ ਖੈਰ ਦੀ ਚੋਰੀ ਕੀਤੀ ਜਾਂਦੀ ਸੀ ਪਰ ਹੁਣ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਰਾਂ ਦੇ ਹੋਂਸਲੇ ਇੰਨੇ ਵਧ ਚੁਕੇ ਹਨ ਕਿ ਚੋਰ ਲੋਕਾਂ ਦੀ ਮਲਕੀਤੀ ਰਕਬੇ ਵਿਚੋਂ ਵੀ ਖੈਰ ਦੀ ਚੋਰੀ ਬੇਖੌਫ਼ ਕਰ ਰਹੇ ਹਨ।
ਵਧੇਰੀ ਜਾਣਕਾਰੀ ਦਿੰਦੇ ਹੋਏ ਪਿੰਡ ਨੇਕਨਾਮਾ ਵਾਸੀ ਵਿਜੇ ਕੁਮਾਰ ਨੇ ਦਸਿਆ ਕਿ ਬੀਤੇ ਦਿਨ ਮੇਰੇ ਰਕਬੇ ਦੀ ਜਮੀਨ ਵਿਚੋਂ ਚੋਰਾਂ ਨੇ 25 ਦੇ ਕਰੀਬ ਖੈਰ ਦੇ ਦਰਖਤ ਜਿਸਦੀ ਕੀਮਤ 15 ਲੱਖ ਹੈ ਚੌਰੀ ਕੀਤੇ ਗਏ ਸਨ। ਇਸ ਵਿਚੋਂ ਕੁਛ ਲੱਕੜ ਚੋਰ ਲਿਜਾਣ ਵਿਚ ਕਾਮਯਾਬ ਹੋ ਗਏ ਪਰ ਕੁਛ ਲੱਕੜ ਅਸੀਂ ਬਰਾਮਦ ਕਰ ਆਪਣੇ ਘਰ ਲੈ ਆਏ ਅਤੇ ਵਨ ਵਿਭਾਗ ਨੂੰ ਇਸਦੀ ਜਾਣਕਾਰੀ ਦੇ ਦਿਤੀ। ਵਿਜੈ ਕੁਮਾਰ ਦਾ ਕਹਿਣਾ ਹੈ ਕਿ ਕੁਛ ਚੋਰਾਂ ਦੀ ਪਹਿਚਾਣ ਵੀ ਕਰ ਲਈ ਗਈ ਹੈ। ਵਿਜੇ ਕੁਮਾਰ ਅਤੇ ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨਾਂ ਵਨ ਤਸਕਰਾਂ ਉਤੇ ਨਕੇਲ ਕਸੀ ਜਾਵੇ।
ਇਸ ਵਿਸ਼ੇ ਤੇ ਬਡਲਾ ਰੇਂਜ ਅਫਸਰ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਉਨਾਂ ਵਲੋਂ ਚੋਰਾਂ ਦੀ ਪਹਿਚਾਣ ਕਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੈ ਅਮਲ ਵਿਚ ਲਿਆਂਦੀ ਜਾਵੇਗੀ।