ਰਾਏਕੋਟ: ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਜ਼ਿਲ੍ਹਾ ਲੁਧਿਆਣਾ ਵੱਲੋਂ ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26, 27 ਤੇ 28 ਨਵੰਬਰ ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਗਵਰਨਰ ਦੇ ਘਿਰਾਓ ਸੰਬੰਧੀ ਵਿਸ਼ੇਸ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਾ. ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਕੀਤੀ ਗਈ।
ਜਿਸ ਦੌਰਾਨ ਰਾਸ਼ਟਰੀ ਤੇ ਸੂਬਾਈ ਮੰਗਾਂ ਦੀ ਪੂਰਤੀ ਲਈ ਤਿੰਨ ਰੋਜਾ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਚੰਡੀਗੜ੍ਹ ਕੂਚ ਕਰਨ ਸਬੰਧੀ ਵਿਚਾਰਾਂ ਕੀਤੀਆ ਗਈਆ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਸਰਬਸੰਮਤੀ ਨਾਲ ਰਣਧੀਰ ਸਿੰਘ ਉੱਪਲ ਨੂੰ ਬਲਾਕ ਰਾਏਕੋਟ ਦਾ ਤੀਜੀ ਵਾਰ ਅਤੇ ਗੁਰਵਿੰਦਰ ਸਿੰਘ ਨੂੰ ਦੂਜੀ ਵਾਰ ਬਲਾਕ ਪੱਖੋਵਾਲ ਦਾ ਪ੍ਰਧਾਨ ਚੁਣਿਆ, ਉਥੇ ਹੀ ਦਵਿੰਦਰ ਸਿੰਘ ਕਲਾਂ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਮਾਲਪੁਰਾ ਨੇ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਚੁੱਕੀਆਂ ਹਨ, ਜਿਸ ਕਰਕੇ ਐਮ.ਐਸ.ਪੀ ਗਾਰੰਟੀ ਕਾਨੂੰਨ ਬਣਾਉਣ, ਯਕਮੁਕਤ ਕਰਜ਼ਾ ਮੁਆਫ਼ੀ, ਚਿੱਪ ਵਾਲੇ ਮੀਟਰਾਂ ਦੇ ਮਸਲੇ, ਪਰਾਲੀ ਸਾੜਨ ਦੇ ਕੀਤੇ ਚਲਾਨ ਰੱਦ ਕਰਵਾਉਣ ਵਰਗੇ ਹੋਰ ਬਹੁਤ ਸਾਰੇ ਕਿਸਾਨਾਂ, ਮਜਦੂਰਾਂ ਤੇ ਮੁਲਜ਼ਮਾਂ ਦੇ ਮਸਲਿਆਂ ਨੂੰ ਲੈਕੇ ਪੰਜਾਬ ਦੇ ਗਵਰਨਰ ਦਾ 26, 27, 28 ਨਵੰਬਰ ਨੂੰ ਘਿਰਾਓ ਕਰਨ ਲਈ ਪੂਰੇ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆ ਲੈਕੇ 25 ਨਵੰਬਰ ਨੂੰ ਚੰਡੀਗੜ੍ਹ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਰਾਸ਼ਟਰੀ ਤੇ ਸੂਬਾਈ ਮੰਗਾਂ ਪੂਰੀਆਂ ਕਰਨ ਲਈ ਕਿਸਾਨਾਂ ਵੱਲੋ ਚੰਡੀਗੜ੍ਹ ਵਿਖੇ ਤਿੰਨ ਦਿਨ ਲਾਮਿਸਾਲ ਧਰਨਾ ਲਗਾਇਆ ਜਾਵੇਗਾ।