ਲੁਧਿਆਣਾ : ਜਨਕਪੁਰੀ ਇਲਾਕੇ ਵਿੱਚ ਜਬਰਨ ਪੈਸਿਆਂ ਦੀ ਮੰਗ ਕਰ ਰਹੇ ਇੱਕ ਬਦਮਾਸ਼ ਵੱਲੋਂ ਅਹਾਤਾ ਸੰਚਾਲਕ ਸਣੇ ਮਾਰਕੀਟ ਦੇ ਹੋਰ ਲੋਕਾਂ ਉੱਪਰ ਤੇਜਧਾਰ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਦੌਰਾਨ ਆਰੋਪੀ ਵੱਲੋਂ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਮੌਕੇ ਅਹਾਤਾ ਸੰਚਾਲਕ ਦਾ ਕਹਿਣਾ ਸੀ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਥੇ ਅਹਾਤਾ ਲਿਆ ਹੈ। ਇੱਥੇ ਪਹਿਲਾਂ ਦੁਰਗੀ ਨਾਮ ਦਾ ਇੱਕ ਵਿਅਕਤੀ ਕੰਮ ਵੀ ਕਰਦਾ ਸੀ। ਪਿਛਲੇ ਹਫਤੇ ਜਦੋਂ ਉਹ ਦੁਕਾਨ ਤੇ ਨਹੀਂ ਸਨ ਤਾਂ ਉਹ ਆ ਕੇ ਜਬਰਨ ਪੈਸੇ ਮੰਗਣ ਲੱਗਾ। ਸ਼ਾਮ ਨੂੰ ਅਹਾਤੇ ਤੇ ਆਉਣ ਤੇ ਉਹਨਾਂ ਨੇ ਆਰੋਪੀ ਨੂੰ ਪੈਸੇ ਦੇ ਦਿੱਤੇ। ਲੇਕਿਨ ਬੀਤੇ ਦਿਨ ਆਰੋਪੀ ਫਿਰ ਆ ਗਿਆ ਅਤੇ ਜ਼ਬਰਦਸਤੀ ਪੈਸੇ ਮੰਗਣ ਲੱਗਾ। ਜਦ ਉਹਨਾਂ ਨੇ ਪੈਸੇ ਦੇਣ ਤੋਂ ਮਨਾ ਕੀਤਾ ਤਾਂ ਆਰੋਪੀ ਨੇ ਤੇਜਧਾਰ ਹਥਿਆਰ ਨਾਲ ਉਹਨਾਂ ਉੱਪਰ ਹਮਲਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਆਰੋਪੀ ਹਰ ਵੇਲੇ ਨਸ਼ੇ ਨਾਲ ਟੁਨ ਹੋਕੇ ਮਾਰਕੀਟ ਵਿੱਚ ਲੋਕਾਂ ਨਾਲ ਕੁੱਟਮਾਰ ਕਰਦਾ ਹੈ ਅਤੇ ਹਥਿਆਰਾਂ ਦੇ ਬੱਲ ਤੇ ਜਬਰਨ ਵਸੂਲੀ ਕਰਦਾ ਹੈ। ਜਿਸ ਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਆਰੋਪੀ ਨੂੰ ਕਾਬੂ ਕਰ ਲਿਆ। ਉੱਥੇ ਹੀ ਅਹਾਤੇ ਵਿੱਚ ਕੰਮ ਕਰਨ ਵਾਲੀ ਮਹਿਲਾ ਅਤੇ ਮਾਰਕੀਟ ਵਿੱਚ ਪਾਨ ਦਾ ਖੋਖਾ ਲਗਾਉਣ ਵਾਲੇ ਵਿਅਕਤੀ ਨੇ ਵੀ ਆਰੋਪੀ ਦੀ ਦਹਿਸ਼ਤ ਦਾ ਖੁਲਾਸਾ ਕੀਤਾ। ਜਿਸ ਨੇ ਪਾਨ ਦੇ ਖੋਖੇ ਦੇ ਸੰਚਾਲਕ ਤੋਂ ਵੀ ਤੇਜ਼ਦਾਰ ਹਥਿਆਰ ਨਾਲ ਵਸੂਲੀ ਕੀਤੀ। ਓਧਰ ਦੂਜੇ ਪਾਸੇ ਪੁਲਿਸ ਚੌਂਕੀ ਜਨਕਪੁਰੀ ਦੇ ਇੰਚਾਰਜ ਬਲੌਰ ਸਿੰਘ ਨੇ ਫੋਨ ਤੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਮਾਮਲਾ ਥਾਣਾ ਮੋਤੀ ਨਗਰ ਦੀ ਹਦੂਦ ਅੰਦਰ ਆਉਂਦਾ ਹੈ, ਫੇਰ ਵੀ ਅਸੀਂ ਕਾਰਵਾਈ ਕਰ ਰਹੇ ਹਾਂ।