ਰਾਏਕੋਟ: ਐਸਐਸਪੀ ਨਵਨੀਤ ਸਿੰਘ ਬੈਂਸ ਦੇ ਆਦੇਸ਼ਾ ਤੇ ਪੁਲਿਸ ਨੇ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ ਬਿੱਟੀ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਗਾਲਿਬ ਰਣ ਸਿੰਘ ਥਾਣਾ ਸਦਰ ਜਗਰਾਉਂ ਹਾਲ ਵਾਸੀ ਕਿਰਾਏ ਦਾ ਮਕਾਨ ਸ਼ੇਰਪੁਰ ਰੋਡ ਜਗਰਾਉਂ ਅਤੇ ਸਤਪਾਲ ਸਿੰਘ ਉਰਫ ਪੱਪੀ ਪੁੱਤਰ ਬੂੜ ਸਿੰਘ ਵਾਸੀ ਪਿੰਡ ਆਲੀਵਾਲ ਥਾਣਾ ਦਾਖਾ ਜਿਲ੍ਹਾ ਲੁਧਿਆਣਾ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਰਛਪਾਲ ਸਿੰਘ ਢੀਂਡਸਾ ਅਤੇ ਪੁਲਿਸ ਥਾਣਾ ਸਦਰ ਦੇ ਐਸਐਚਓ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਗਿਰੋਹ ਨੇ 25 ਦਸੰਬਰ ਦੀ ਰਾਤ ਨੂੰ ਰਾਏਕੋਟ ਮਾਲੇਰਕੋਟਲਾ ਰੋਡ ‘ਤੇ ਸਥਿਤ ਐਚ ਪੀ ਦੇ ਪੈਟਰੋਲ ਪੰਪ ਤੋਂ 24500 ਰੁਪਏ ਦੀ ਚੋਰੀ ਕੀਤੀ ਸੀ।
ਇਸੇ ਗਿਰੋਹ ਨੇ ਪਿੰਡ ਕਲਸੀਆਂ ਦੇ ਵਸਨੀਕ ਹਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ । ਜੋ ਕੀ ਪਰਵਾਰ ਸਮੇਤ ਕਿਸੇ ਰਿਸ਼ਤੇਦਾਰੀ ਵਿਚ ਵਿਆਹ ਦੀ ਜਾਗੋ ‘ਤੇ ਗਏ ਹੋਏ ਸੀ। ਉਕਤ ਚੋਰਾਂ ਵਲੋਂ ਘਰ ਦੇ ਤਾਲੇ ਤੋੜ ਕੇ ਭਾਰੀ ਮਾਤਰਾ ਵਿੱਚ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਸ਼ਿਕਾਇਤ ਮਿਲਣ ‘ਤੇ ਪੁਲਿਸ ਚੌਂਕੀ ਲੋਹਟਬੱਦੀ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਮਿਲੀ ਗੁਪਤਾ ਸੂਚਨਾ ਦੇ ਅਧਾਰ ਤੇ ਪੁਲਿਸ ਪਾਰਟੀ ਨੇ ਦਾਣਾ ਮੰਡੀ ਕਲਸੀਆਂ ਵਿਖੇ ਛੁਪਾ ਕੇ ਰੱਖੇ ਚੋਰੀ ਦੇ ਸਮਾਨ ਨੂੰ ਚੁੱਕਣ ਆਏ ਦੋਸ਼ੀਆਂ ਨੂੰ ਕਾਬੂ ਕਰ ਲਿਆ।
ਦੋਸ਼ੀ ਕੁਲਦੀਪ ਸਿੰਘ ਉਰਫ ਬਿੱਟੀ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ 2 ਅਤੇ ਸਤਪਾਲ ਸਿੰਘ ਉਰਫ ਪੱਪੀ ਖ਼ਿਲਾਫ਼ 5 ਮੁੱਕਦਮੇ ਦਰਜ਼ ਹਨ। ਡੀਐਸਪੀ ਨੇ ਦਸਿਆ ਕਿ ਉਕਤ ਵਿਅਕਤੀ ਕਾਫ਼ੀ ਸਮੇਂ ਤੋਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹਨ ਅਤੇ ਪੜਤਾਲ ਦੌਰਾਨ ਉਨ੍ਹਾਂ ਪਾਸੋਂ ਹੋਰ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।