ਲੁਧਿਆਣਾ : ਰਾਏਕੋਟ-ਅਹਿਮਦਗੜ੍ਹ ਰੋਡ ‘ਤੇ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਸਵੰਤ ਸਿੰਘ ਉਰਫ਼ ਜੱਸਾ ਚੌਧਰੀ (68) ਪੁੱਤਰ ਪਾਲ ਸਿੰਘ ਵਾਸੀ-ਕੱਚਾ ਕਿਲ੍ਹਾ ਰਾਏਕੋਟ, ਜੋ ਕਿ ਇੱਕ ਸ਼ੈੱਲਰ ‘ਤੇ ਕੰਮ ਕਰਦਾ ਸੀ, ਜਦ ਉਹ ਆਪਣੇ ਸਾਈਕਲ ‘ਤੇ ਸਵਾਰ ਹੋ ਕੇ ਅਹਿਮਦਗੜ੍ਹ ਰੋਡ ‘ਤੇ ਗੋਇਲ ਰਾਈਸ ਮਿੱਲ ਨੂੰ ਜਾ ਰਿਹਾ ਸੀ ਤਾਂ ਸ਼ੈੱਲਰਾਂ ਵਾਲੇ ਚੌਂਕ ਦੇ ਨਜ਼ਦੀਕ ਇੱਕ ਅਣਪਛਾਤੇ ਵਾਹਨ ਨੇ ਉਸ ਨੂੰ ਪਿਛਲੀ ਸਾਈਡ ਤੋਂ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮੌਕੇ ‘ਤੇ ਪੁੱਜੀ ਪੁਲਿਸ ਥਾਣਾ ਸਦਰ ਰਾਏਕੋਟ ਦੀ ਪੁਲਿਸ ਪਾਰਟੀ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਉਂ ਲਈ ਭੇਜ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਾਏਕੋਟ ਥਾਣਾ ਸਦਰ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।