ਜਲੰਧਰ: ਪੰਜਾਬ ਚ ਟਰੈਵਲ ਏਜੰਟਾ ਦਾ ਹੱਬ ਕਹਿਣ ਵਾਲੇ ਜਲੰਧਰ ਸ਼ਹਿਰ ਦੇ ਇੱਕ ਟਰੈਵਲ ਏਜੰਟ ਵੱਲੋਂ 700 ਤੋਂ ਵੱਧ ਵਿਦਾਰਥੀਆਂ ਨਾਲ ਕਰੋੜਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਟਰੈਵਲ ਏਜੰਟ ਨੂੰ 16 ਤੋਂ 20 ਲੱਖ ਰੁਪਏ ਤਕ ਦੀਆਂ ਰਕਮਾਂ ਦੇ ਕੇ ਕੈਨੇਡਾ ਗਏ ਇਹਨਾਂ ਵਿਦਿਆਰਥੀਆਂ ਨੂੰ ਹੁਣ ਕੈਨੇਡਾ ਸਰਕਾਰ ਵੱਲੋਂ ਡਿਪੋਰਟ ਕੀਤੇ ਜਾਣ ਸੰਬੰਧੀ ਨੋਟਿਸ ਦੇ ਦਿੱਤੇ ਗਏ ਹਨ।
ਦੋਸ਼ ਹੈ ਕਿ ਇਹ ਸਾਰੇ ‘ਐਜੂਕੇਸ਼ਨ ਮਾਈਗਰੇਸ਼ਨ ਸਰਵਿਸਿਜ਼’, ਜਲੰਧਰ ਦੇ ਸ਼ਿਕਾਰ ਹੋਏ ਹਨ। ਇਸ ਦਾ ਮਾਲਕ ਬ੍ਰਿਜੇਸ਼ ਮਿਸ਼ਰਾ ਨਾਂਅ ਦਾ ਵਿਅਕਤੀ ਦੱਸਿਆ ਜਾਂਦਾ ਹੈ। ਟਰੈਵਲ ਏਜੰਟ ਦਾ ਦਫ਼ਤਰ ਹੁਣ ਬੰਦ ਹੈ । ਜਿਨ੍ਹਾਂ ਵਿਦਿਆਰਥੀਆਂ ਨੂੰ ਕੈਨੇਡੀਅਨ ਬਾਰਡਰ ਸਕਿਊਰਿਟੀ ਏਜੰਸੀ (ਸੀ.ਬੀ.ਐੱਸ.ਏ.) ਵੱਲੋਂ ਨੋਟਿਸ ਦਿੱਤੇ ਗਏ ਹਨ ਉਹਨਾਂ ਕੋਲ ਹੁਣ ਇਹ ਹੀ ਬਦਲ ਬਚਿਆ ਹੈ ਕਿ ਉਹ ਕੈਨੇਡਾ ਦੀਆਂ ਅਦਾਲਤਾਂ ਵਿੱਚ ਇਸ ਨੂੰ ਚੁਣੌਤੀ ਦੇਣ। ਕਿਹਾ ਜਾਂਦਾ ਹੈ ਕਿ ਆਮ ਤੌਰ ‘ਤੇ ਅਜਿਹੇ ਕੇਸਾਂ ਦੇ ਨਿਪਟਾਰੇ ਨੂੰ 3-4 ਸਾਲ ਲੱਗ ਜਾਂਦੇ ਹਨ। ਇਹਨਾਂ ਨੇ 16 ਤੋਂ 20 ਲੱਖ ਰੁਪਏ ਪ੍ਰਤੀ ਵਿਅਕਤੀ ਦਿੱਤੇ ਸਨ ਅਤੇ ਇਸ ਵਿੱਚ ਹਵਾਈ ਟਿਕਟਾਂ ਅਤੇ ਸਕਿਉਰਿਟੀ ਦਾ ਖ਼ਰਚਾ ਵੱਖ ਸੀ।
ਇਹਨਾਂ ਵਿਦਿਆਰਥੀਆਂ ਨੇ ਹੰਬਰ ਕਾਲਜ ਵਿੱਚ ਦਾਖ਼ਲਾ ਲਿਆ ਸੀ ਅਤੇ ਉਹ ਫ਼ਲਾਈਟ ਫ਼ੜਕੇ ਕੈਨੇਡਾ ਪੁੱਜ ਗਏ ਪਰ ਮਗਰੋਂ ਹੀ ਉਹਨਾਂ ਨੂੰ ਬ੍ਰਿਜੇਸ਼ ਮਿਸ਼ਰਾ ਦਾ ਫ਼ੋਨ ਆ ਗਿਆ ਕਿ ਇਸ ਕਾਲਜ ਵਿੱਚ ਸਾਰੀਆਂ ਸੀਟਾਂ ਭਰ ਗਈਆਂ ਹਨ ਇਸ ਲਈ ਜਾਂ ਤਾਂ ਉਹ ਅਗਲੇ ਸਮੈਸਟਰ ਤਕ ਭਾਵ 6 ਮਹੀਨੇ ਇੰਤਜ਼ਾਰ ਕਰ ਲੈਣ ਜਾਂ ਫ਼ਿਰ ਕਿਸੇ ਹੋਰ ਕਾਲਜ ਵਿੱਚ ਦਾਖ਼ਲ ਲੈ ਲੈਣ।
ਇਸ ‘ਤੇ ਵਿਦਿਆਰਥੀਆਂ ਨੇ ਇੱਕ ਹੋਰ ਕਾਲਜ ਵਿੱਚ 2 ਸਾਲ ਦੇ ਕੋਰਸ ਲਈ ਦਾਖ਼ਲਾ ਲੈ ਲਿਆ ਅਤੇ ਮਿਸ਼ਰਾ ਨੇ ਕਾਲਜ ਫ਼ੀਸ ਉਨ੍ਹਾਂ ਨੂੰ ਮੋੜ ਦਿੱਤੀ। ਇਸ ਤੋਂ ਹੀ ਸੰਤੁਸ਼ਟ ਹੋ ਕੇ ਇਹਨਾਂ ਨੇ ਆਪਣੀ ਸਿੱਖ਼ਿਆ ਮੁਕੰਮਲ ਕੀਤੀ ਅਤੇ ਕੰਮ ਸ਼ੁਰੂ ਕਰ ਦਿੱਤਾ ਅਤੇ ਪੀ.ਆਰ. ਲਈ ਅਰਜ਼ੀ ਦੇ ਦਿੱਤੀ। ਅੰਤ ਪੀ.ਆਰ. ਦੇਣ ਸਮੇਂ ਹੋਈ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਗਈ ਕਿ ਉਹਨਾਂ ਨੂੰ ਕਾਲਜਾਂ ਵੱਲੋਂ ਮਿਲੀਆਂ ਦਾਖ਼ਲਾ ਆਫ਼ਰ ਚਿੱਠੀਆਂ ਅਤੇ ਹੋਰ ਦਸਤਾਵੇਜ਼ ਸਹੀ ਨਹੀਂ ਸਨ। ਇਨ੍ਹਾਂ ਵਿਦਿਆਰਥੀਆਂ ਵਾਸਤੇ ਸਮੱਸਿਆ ਇਹ ਵੀ ਹੈ ਕਿ ਇਹ ਆਪਣੇ ਆਪ ਨੂੰ ਨਿਰਦੋਸ਼ ਕਹਿਣ ਜੋਗੇ ਵੀ ਨਹੀਂ ਹਨ ਕਿਉਂਕਿ ਵੀਜ਼ੇ ਦੇ ਫ਼ਾਰਮਾਂ ’ਤੇ ਏਜੰਟ ਨੇ ਇਨ੍ਹਾਂ ਦੇ ਹੀ ਦਸਤਖ਼ਤ ਕਰਵਾਏ ਹੋਏ ਹਨ।