ਫ਼ਿਰੋਜ਼ਪੁਰ : ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਕਿਸਾਨਾਂ ਦੀ ਭਲਾਈ, ਬਿਜਲੀ ਅਤੇ ਪਾਣੀ ਦੀ ਬਚਤ ਕਰਨ ਲਈ ਝੋਨੇ ਦੀ ਬਿਜਾਈ ਪੜਾਅਵਾਰ ਕਰਨ ਦੀਆਂ ਤਰੀਕਾਂ ਦਾ ਐਲਾਨ ਕਰ ਕੇ ਰਾਜ ਦੇ ਕਿਸਾਨਾਂ ਅਤੇ ਕੁਦਰਤੀ ਸੋਮਿਆਂ ਦੇ ਬਚਾਅ ਲਈ ਇਤਿਹਾਸਕ ਫੈਸਲਾ ਲਿਆ ਗਿਆ ਹੈ, ਜਿਸ ਦੀ ਸਾਰੇ ਵਰਗਾਂ ਵੱਲੋਂ ਪ੍ਰਸ਼ੰਸਾ ਹੋ ਰਹੀ ਹੈ। ਇਹ ਪ੍ਰਗਟਾਵਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਵਾਲੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਤਾਰ ਤੋਂ ਪਾਰਲੀਆਂ ਜ਼ਮੀਨਾਂ ਵਿੱਚ ਝੋਨਾ ਲਾਉਣ ਲਈ 10 ਜੂਨ ਦੀ ਤਰੀਕ ਮੁਕਰਰ ਕੀਤੀ ਗਈ ਹੈ। ਇਸ ਦੇ ਨਾਲ ਹੀ ਸਰਹੱਦੀ ਖੇਤਰਾਂ ਦੇ ਕਿਸਾਨਾਂ ਨੂੰ ਦਿਨ ਵਿੱਚ ਬਿਜਲੀ ਸਪਲਾਈ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਸਮੇਤ ਸੱਤ ਜ਼ਿਲ੍ਹਿਆਂ ਵਿੱਚ 16 ਜੂਨ ਤੋਂ ਝੋਨਾ ਲਗਾਉਣ ਲਈ ਕਿਹਾ ਗਿਆ ਹੈ ਅਤੇ ਸੱਤ ਜ਼ਿਲ੍ਹਿਆਂ ਵਿੱਚ 19 ਜੂਨ ਤੇ ਅੱਠ ਜ਼ਿਲ੍ਹਿਆਂ ਵਿੱਚ 21 ਜੂਨ ਤੋਂ ਝੋਨਾ ਲਗਾਉਣ ਲਈ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ।
ਵਿਧਾਇਕ ਦਹੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਸਮੇਂ ਸਿਰ ਨਿਰਵਿਘਨ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਮਿਲੇਗਾ ਅਤੇ ਉਸ ਸਮੇਂ ਦੌਰਾਨ ਮਾਨਸੂਨ ਦੇ ਆਉਣ ਨਾਲ ਵਧੀਆ ਮੀਂਹ ਪੈਣ ਦਾ ਵੀ ਅਨੁਮਾਨ ਹੈ ਜਿਸ ਨਾਲ ਝੋਨੇ ਦੀ ਬਿਜਾਈ ਸਮੇਂ ਸਿਰ ਅਤੇ ਵਧੀਆ ਫਸਲ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਸਮੇਂ ਆਪਣੇ ਕਿਸਾਨਾਂ ਤੇ ਰਾਜ ਦੇ ਵਾਸੀਆਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਸਹੀ ਤੇ ਯੋਗ ਫੈਸਲੇ ਲੈਂਦੀ ਰਹੇਗੀ।