9 ਦਸੰਬਰ ਤੱਕ ਜਮ੍ਹਾ ਕਰਵਾਏ ਜਾਣਗੇ ਦਾਅਵੇ ਤੇ ਇਤਰਾਜ਼: ਡੀਸੀ ਸਾਰੰਗਲ

9 ਦਸੰਬਰ ਤੱਕ ਜਮ੍ਹਾ ਕਰਵਾਏ ਜਾਣਗੇ ਦਾਅਵੇ ਤੇ ਇਤਰਾਜ਼: ਡੀਸੀ ਸਾਰੰਗਲ

ਜਲੰਧਰ (ENS): ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ ਸਾਰੰਗਲ ਨੇ ਦੱਸਿਆ ਕਿ ਯੋਗਤਾ ਮਿਤੀ 01.01.2024 ਦੇ ਅਧਾਰ ’ਤੇ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਤਹਿਤ 9 ਦਸੰਬਰ 2023 ਤੱਕ ਦਾਅਵੇ ਅਤੇ ਇਤਰਾਜ਼ ਲਏ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਹਾਲੇ ਤੱਕ ਉਨਾਂ ਵਲੋਂ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਿਲ ਨਹੀਂ ਕਰਵਾਇਆ ਤਾਂ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਨੂੰ ਯਕੀਨੀ ਬਣਾਕੇ ਆਪਣਾ ਵੋਟਰ ਫੋਟੋ ਪਹਿਚਾਣ ਪੱਤਰ ਪ੍ਰਾਪਤ ਕਰ ਸਕਦੇ ਹਨ।

ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਲਈ ਫਾਰਮ 6, ਵੋਟਰੀ ਸੂਚੀ ਵਿੱਚ ਨਾਮ ’ਤੇ ਇਤਰਾਜ਼ ਜਾਂ ਪਹਿਲਾਂ ਤੋਂ ਦਰਜ ਇੰਦਰਾਜ ਦੀ ਕਟੌਤੀ ਲਈ ਫਾਰਮ 7, ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਦੀ ਦਰੁੱਸਤੀ, ਰਿਹਾਇਸ਼ ਦੀ ਤਬਦੀਲੀ, ਦਿਵਿਆਂਗ ਵਜੋਂ ਮਾਰਕਿੰਗ ਲਈ ਅਤੇ ਡੁਪਲੀਕੇਟ ਵੋਟਰ ਕਾਰਡ ਪ੍ਰਾਪਤ ਕਰਨ ਲਈ ਫਾਰਮ 8, ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ  ਕਰਨ ਲਈ ਫਾਰਮ 6-ਬੀ ਭਰ ਕੇ ਸਬੰਧਿਤ ਬੀ.ਐਲ.ਓਜ਼ ਜਾਂ ਸਬੰਧਿਤ ਚੋਣਕਾਰਰਜਿਸਟਰੇਸ਼ਨ ਦਫ਼ਤਰ ਵਿਖੇ ਦਿੱਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਫਾਰਮ ਇਹ ਫਾਰਮ ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਹੈਲਪਲਾਈਨ ਐਪ ਤੋਂ ਡਾਊਨਲੋਡ ਕਰਕੇ ਜਾਂ ਨੈਸ਼ਨਲ ਵੋਟਰ ਸਰਵਿਸਜ਼ ਪੋਰਟਲ www.nvsp.in ’ਤੇ ਆਨਲਾਈਨ ਵੀ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਾਰਮ ਭਰਨ ਸਬੰਧੀ ਵਧੇਰੇ ਜਾਣਕਾਰੀ ਟੋਲ ਫਰੀ ਵੋਟਰ ਹੈਲਪਲਾਈਨ ਨੰਬਰ 1950 ’ਤੇ ਕਾਲ ਕਰਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਇਕ ਤੋਂ ਵੱਧ ਸਥਾਨਾਂ ’ਤੇ ਜਾਂ ਇਕ ਸਥਾਨ ’ਤੇ ਇਕ ਤੋਂ ਵੱਧ ਵਾਰੀ ਆਪਣੀ ਰਜਿਸਟਰੇਸ਼ਨ ਨਹੀਂ ਕਰਵਾਉਣੀ ਚਾਹੀਦੀ।  ਰਜਿਸਟਰੇਸ਼ਨ ਅਫ਼ਸਰ ਨੂੰ ਗਲਤ ਸੂਚਨਾ ਉਪਲਬੱਧ ਕਰਵਾਉਣਾ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 31 ਅਧੀਨ ਦੰਡ ਯੋਗ ਅਪਰਾਧ ਹੈ।