ਮੋਗਾ : ਜਿਲੇ ਦੇ ਪਿੰਡ ਭਲੂਰ ਦੇ 37 ਸਾਲਾ ਮਨਪ੍ਰੀਤ ਸਿੰਘ ਉਰਫ ਫੌਜੀ ਦੀ ਚਿੱਟੇ ਦੇ ਨਾਲ ਮੌਤ ਹੋ ਗਈ । ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੋ ਭਰਾ ਸਨ। ਵੱਡੇ ਭਰਾ ਦੀ ਮੌਤ ਵੀ ਸਾਲ ਕੁ ਪਹਿਲਾ ਚਿੱਟੇ ਦੇ ਨਾਲ ਹੋ ਚੁੱਕੀ ਹੈ । ਜਦੋਂ ਕਿ ਮਨਪ੍ਰੀਤ ਸਿੰਘ ਫੌਜੀ ਵੀ ਉਸੇ ਰਾਸਤੇ ਤੁਰ ਗਿਆ।ਫੌਜੀ ਆਪਣੇ ਪਿੱਛੇ 7 ਸਾਲ ਦਾ ਮਾਸੂਸ ਜਿਹਾ ਬੇਟਾ, ਪਤਨੀ, ਬੁੱਢੇ ਮਾਂ –ਬਾਪ, ਸਾਲ ਪਹਿਲਾਂ ਸਵਰਗਵਾਸ ਹੋਏ ਭਰਾ ਦਾ ਪਰਿਵਾਰ ਛੱਡ ਗਿਆ ਹੈ । ਇਸ ਨੌਜਵਾਨ ਦੀ ਮੌਤ ਨਾਲ ਪਿੰਡ ਵਾਸੀਆਂ ਵਿੱਚ ਸ਼ਖਤ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਪਿੰਡ ਭਲੂਰ ਦੂਸਰਾ ਦੌਲੇਵਾਲਾ ਬਣ ਚੁੱਕਾ ਹੈ।
ਪਿੰਡ ਵਿੱਚ ਸ਼ਰੇਆਮ ਦਿਨ ਦਿਹਾੜੇ ਚਿੱਟਾ ਵੇਚਣ ਵਾਲੇ ਹਰਲ ਹਰਲ ਕਰਦੇ ਫਿਰਦੇ ਹਨ। ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀ ਹੈ। ਮਾਵਾਂ ਦੇ ਪੁੱਤ ਸਿਵਿਆ ਦੇ ਰਾਹ ਜਾ ਰਹੇ ਹਨ। ਲੋਕਾਂ ਦਾ ਰੋਸ ਹੈ ਕਿ ਇੱਕ ਹਫਤੇ ਵਿੱਚ ਪੰਜਾਬ ਵਿੱਚੋਂ ਨਸ਼ਾਂ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਦਾ ਚਿੱਟਾ ਰੋਕਣ ਵਾਸਤੇ ਕੋਈ ਖਿਆਲ ਨਹੀ, ਉਸ ਦਾ ਸਾਰਾ ਧਿਆਨ ਵੋਟਾਂ ਦੀ ਰਾਜਨੀਤੀ ਤੇ ਹੈ । ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਚਿੱਟੇ ਦੇ ਕਹਿਰ ਤੋਂ ਨੌਜਵਾਨਾਂ ਨੂੰ ਬਚਾਉਣ ਵਾਸਤੇ ਸਖਤ ਕਦਮ ਚੁੱਕੇ ਜਾਣੇ ਬਹੁਤ ਜਰੂਰੀ ਹਨ।