ਪਠਾਨਕੋਟ/ਅਨਮੋਲ: ਜ਼ਿਲ੍ਹਾ ਪਠਾਨਕੋਟ ਦੇ ਨੀਮ ਪਹਾੜੀ ਖ਼ੇਤਰ ਵਿੱਚ ਸਥਿਤ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਦੀ ਰਿਹਾਸ਼ੀ ਕੋਲੋਨੀ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਜਿਸ ਦਾ ਕਦੇ ਵੀ ਸਮਾਜ ਵਿਰੋਧੀ ਅਨਸਰਾਂ ਵੱਲੋਂ ਇਸਤੇਮਾਲ ਕੀਤੇ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਜੀਤੂ ਪਟਿਆਲ, ਸਰਪੰਚ ਪੂਰਨ ਧੀਮਾਨ, ਬਲਾਕ ਸੰਮਤੀ ਮੈਂਬਰ ਠਾਕੁਰ ਆਂਚਲ ਸਿੰਘ, ਸਾਬਕਾ ਸਰਪੰਚ ਤੇ ਬਲਾਕ ਕਾਂਗਰਸ ਪ੍ਰਧਾਨ ਰਾਜੂ ਸਾਰਟੀ, ਸਰਪੰਚ ਤੇ ਬਲਾਕ ਆਪ ਪ੍ਰਧਾਨ ਚੈਨ ਸਿੰਘ, ਸਰਪੰਚ ਥੁੜੂ ਰਾਮ, ਸਰਪੰਚ ਸੁਰਿੰਦਰ ਕੁਮਾਰ, ਸਾਬਕਾ ਸਰਪੰਚ ਕੇਸ਼ਵ ਠਾਕੁਰ, ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਣਜੀਤ ਸਾਗਰ ਡੈਮ ਬਣਾਉਣ ਲਈ ਧਾਰ ਬਲਾਕ ਦੇ ਪਿੰਡਾਂ ਦੀ ਕਈ ਏਕੜ ਜ਼ਮੀਨ ਸਰਕਾਰੀ ਮੁਲਾਜ਼ਮਾਂ ਲਈ ਰਿਹਾਇਸ਼ੀ ਕੋਲੋਨੀ ਬਣਾਈ ਸੀ। ਜਿਹੜੀ ਕਿ ਹੁਣ ਹੋਲੀ-ਹੋਲੀ ਖੰਡਰ ਦਾ ਰੂਪ ਧਾਰਨ ਕਰ ਰਹੀ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਖੰਡਰਾਂ ਵਿੱਚ ਨਸ਼ੇੜੀ ਘੁੰਮਦੇ ਰਹਿੰਦੇ ਹਨ। ਇਹਨਾਂ ਖੰਡਰ ਪਈ ਇਮਾਰਤਾਂ ਦਾ ਹਰ ਵੇਲੇ ਕਿਸੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਇਸਤੇਮਾਲ ਕੀਤੇ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇੱਥੇ ਇੱਕ ਸਬ ਡਿਵੀਜ਼ਨ ਪੱਧਰ ਦਾ ਕੰਪਲੈਕਸ ਬਣਾਇਆ ਜਾਵੇ। ਜਿਸ ਵਿੱਚ ਸਾਰੇ ਧਾਰ ਬਲਾਕ ਦੇ ਵੱਖ-ਵੱਖ ਜਗ੍ਹਾ ਤੇ ਮੌਜੂਦ ਸਰਕਾਰੀ ਦਫ਼ਤਰਾਂ ਨੂੰ ਲਿਆਂਦਾ ਜਾਵੇ ਤਾਂ ਜੋ ਖ਼ੇਤਰ ਦੇ ਲੋਕਾਂ ਨੂੰ ਇਕੋ ਇਮਾਰਤ ਦੀ ਛੱਤ ਥੱਲੇ ਸਾਰੀਆਂ ਸਰਕਾਰੀ ਦਫਤਰਾਂ ਦੀਆਂ ਸਹੂਲਤਾਂ ਮਿਲ ਸਕੇ। ਇਸ ਕੋਲੋਨੀ ਵਿੱਚ ਬਿਜ਼ਲੀ ਪਾਣੀ ਸੜਕ ਹਸਪਤਾਲ ਅਤੇ ਫਾਇਰ ਬ੍ਰਿਗੇਡ ਦੀ ਸੁਵਿਧਾ ਪਹਿਲਾਂ ਤੋਂ ਮੌਜੂਦ ਹੈ।