ਬਟਾਲਾ/ਜਸਵਿੰਦਰ ਬੇਦੀ: ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਬਟਾਲਾ ਚ ਜਲੰਧਰ ਰੋਡ ਚਿੱਟੀ ਗਰਾਉਂਡ ਦੇ ਸਾਹਮਣੇ ਆਈਲੇਟਸ ਸੈਂਟਰਾਂ ਤੇ ਬਟਾਲਾ ਦੇ ਸਿਵਿਲ ਪਰਸ਼ਾਸਨ ਵਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕੁਝ ਅਜਿਹੇ ਸੈਂਟਰ ਪਾਏ ਗਏ ਜਿਹਨਾਂ ਦੇ ਕੋਲ ਨਾ ਤੇ ਲਾਇਸੈਂਸ ਸੀ ਅਤੇ ਨਾ ਹੀ ਫਾਇਰ ਸੇਫਟੀ ਐਨ. ਓ. ਸੀ. ਮਿਲੀ ਤੇ ਨਾ ਹੀ ਫਾਇਰ ਸੇਫਟੀ ਲਈ ਕੋਈ ਯੰਤਰ ਲਗਾ ਰੱਖੇ ਸੀ।
ਨਾਇਬ ਤਹਿਸੀਲਦਾਰ ਅਤੇ ਫਾਇਰ ਬਿਰਗੇਡ ਅਫਸਰ ਦੀ ਅਗੁਵਾਹੀ ਚ ਛਾਪੇਮਾਰੀ ਲਈ ਨਿਕਲੀ ਟੀਮ ਦੇ ਵਲੋਂ ਬਟਾਲਾ ਚ ਆਈਲੇਟਸ ਸੈਂਟਰਾਂ ਨੂੰ ਚੈੱਕ ਕੀਤਾ ਗਿਆ। ਇਸ ਦੌਰਾਨ ਉਹਨਾਂ ਪੰਜ ਆਈਲੇਟਸ ਸੈਂਟਰਾਂ ਦੀਆਂ ਕਲਾਸਾਂ ਬੰਦ ਕਰਵਾ ਕੇ ਸੈਂਟਰਾਂ ਨੂੰ ਤਾਲੇ ਲਗਵਾਏ ਗਏ, ਜਿਨਾ ਦੇ ਕੋਲ ਨਾ ਤਾਂ ਲਾਇਸੈਂਸ ਸਨ ਅਤੇ ਨਾ ਹੀ ਫਾਇਰ ਸੇਫਟੀ ਐੱਨ. ਓ. ਸੀ. ਸਨ।
ਇਹਨਾਂ ਸੈਂਟਰਾਂ ਨੂੰ 15 ਦਿਨ ਦਾ ਸਮਾਂ ਦੇਕੇ ਚੇਤਾਵਨੀ ਦਿੱਤੀ ਗਈ ਹੈ। ਅਗਰ ਇਹ ਸੈਂਟਰ 15 ਦਿਨ ਦੇ ਅੰਦਰ ਆਪਣੇ ਕਾਗਜ਼ਾਤ ਪੂਰੇ ਨਹੀਂ ਕਰਦੇ ਤਾਂ ਇਹਨਾਂ ਸੈਂਟਰਾਂ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਟੀਮ ਦੀ ਅਗੁਵਾਹੀ ਕਰ ਰਹੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਫਾਇਰ ਬਿਰਗੇਡ ਅਫਸਰ ਓਂਕਾਰ ਸਿੰਘ ਦਾ ਕਹਿਣਾ ਸੀ ਕਿ ਇਸ ਤਰਾਂ ਨਾਲ ਜਿਥੇ ਇਹ ਸੈਂਟਰ ਸਰਕਾਰ ਨੂੰ ਚੂਨਾ ਲਗਾ ਰਹੇ ਹਨ ਉਥੇ ਹੀ ਬੱਚਿਆਂ ਅਤੇ ਮਾਪਿਆ ਨੂੰ ਧੋਖੇ ਵਿੱਚ ਰੱਖ ਰਹੇ ਹਨ।