ਸ੍ਰੀ ਕੀਰਤਪੁਰ ਸਾਹਿਬ: ਜਿਲਾ ਰੋਪੜ ਅਧੀਨ ਪੈਂਦੇ ਸ੍ਰੀ ਕੀਰਤਪੁਰ ਸਾਹਿਬ ਦੀ ਪੁਲੀਸ ਨੇ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਹੈ। ਮੁਲਜਮਾਂ ਦੀ ਪਛਾਨ ਸੋਹਣ ਲਾਲ ਉਰਫ ਕਾਲਾ ਪੁੱਤਰ ਮਲਕੀਤ ਰਾਮ ਵਾਸੀ ਪਿੰਡ ਢੰਡੀਆਂ, ਪੂਨਮ ਪਤਨੀ ਗੌਰਵ ਉਰਫ ਬਿੱਲਾ ਵਾਸੀ ਪਿੰਡ ਘਨੌਲੀ ਰੂਪਨਗਰ , ਵੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਟਾਰੀ ਅਤੇ ਬਲਜੀਤ ਸਿੰਘ ਉਰਫ਼ ਬੀਟਾ ਪੁੱਤਰ ਪਾਲ ਸਿੰਘ ਵਾਸੀ ਪਿੰਡ ਚੀਚਾ ਜ਼ਿਲ੍ਹਾ ਅੰਮ੍ਰਿਤਸਰ ਹੈ।
ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਬੱਸ ਅੱਡਾ ਬੁੰਗਾ ਸਾਹਿਬ ਵਿਖੇ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਗੱਡੀ ਨੰਬਰ ਪੀ.ਬੀ.-29-ਏ.ਈ.-8391 ਜੋਤ ਹੋਟਲ ਦੇ ਸਾਹਮਣੇ ਫਾਰਚੂਨਰ ਖੜ੍ਹੀ ਹੈ। ਜਿਸ ਵਿਚ ਚਾਰੋ ਮੁਲਜ਼ਮ ਸਵਾਰ ਹਨ। ਜਿਨ੍ਹਾਂ ਕੋਲ ਭਾਰੀ ਮਾਤਰਾ ਵਿਚ ਹੈਰੋਇਨ ਵੀ ਹੈ ਅਤੇ ਕਿਸੇ ਗਾਹਕ ਨੂੰ ਦੇਣ ਦੀ ਉਡੀਕ ਕਰ ਰਹੇ ਹਨ। ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ 1 ਕਿਲੋ ਹੈਰੋਇਨ ਬਰਾਮਦ ਕੀਤੀ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ’ਤੇ ਉਹਨਾਂ ਦਸਿਆ ਕਿ ਰਣਜੀਤ ਕੌਰ ਉਰਫ਼ ਰਾਣੀ ਪਤਨੀ ਸੋਹਣ ਲਾਲ ਵਾਸੀ ਪਿੰਡ ਢੰਡੀਆਂ ਅਤੇ ਰੌਸ਼ਨ ਵਾਸੀ ਨਿਵਾਸਾ ਕਾਉਂਕੇ ਦੇ ਨਾਲ ਰਲ ਕੇ ਹੈਰੋਇਨ ਦੀ ਸਪਲਾਈ ਕਰਦੇ ਹਨ। ਪੁਲਿਸ ਨੇ ਦੋਨੋਂ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਕੇਸ ਵਿੱਚ ਨਾਮਜਦ ਕਰ ਲਿਆ ਹੈ। ਇਸ ਮਾਮਲੇ ਤਹਿਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਨੇ ਐਨਡੀਪੀਐਸ ਐਕਟ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।