ਆਪ ਸਰਕਾਰ ਨਸ਼ੇ ਤੇ ਸ਼ਕੰਜਾ ਕਸਨ ਵਿੱਚ ਬੁਰੀ ਤਰ੍ਹਾਂ ਅਸਫਲ: ਰਣਜੀਤ ਸਿੰਘ  ਖੋਜੇਵਾਲ

ਆਪ ਸਰਕਾਰ ਨਸ਼ੇ ਤੇ ਸ਼ਕੰਜਾ ਕਸਨ ਵਿੱਚ ਬੁਰੀ ਤਰ੍ਹਾਂ ਅਸਫਲ: ਰਣਜੀਤ ਸਿੰਘ  ਖੋਜੇਵਾਲ

ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਸਾਬਕਾ ਚੇਅਰਮੈਨ ਅਤੇ ਭਾਜਪਾ ਜ਼ਿਲ੍ਹਾ ਉਪਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ੁੱਕਰਵਾਰ ਨੂੰ ਆਪਣੇ ਨਿਵਾਸ ਸਥਾਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ।ਉਨ੍ਹਾਂਨੇ ਕਿਹਾ ਕਿ ਲੋਕਾਂ ਨੇ ਬੇਹੱਦ ਉਤਸ਼ਾਹ ਅਤੇ ਆਸ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ।ਸਰਕਾਰ ਨੂੰ ਸੱਤਾ ਸੰਭਾਲੇ 55 ਦਿਨ ਬੀਤ ਚੁੱਕੇ ਹਨ,ਪਰ ਨਾ ਤਾਂ ਨਸ਼ਾ ਖਤਮ ਹੋਇਆ ਅਤੇ ਨਾ ਹੀ ਗੁੰਡਾਗਰਦੀ।ਲੋਕਾਂ ਨੇ ਆਪਣੀ ਵੋਟ ਆਪਣੀ ਸੋਚ ਦਾਨ ਕੀਤੀ ਸੀ ਅਤੇ ਹੁਣ ਲੋਕਾਂ ਦੀ ਸੋਚ ਬਦਲ ਰਹੀ ਹੈ।ਸਰਕਾਰ ਨੂੰ ਜਾਗਣ ਅਤੇ ਜਨਤਾ ਦੀਆਂ ਉਮੀਦਾਂ ਤੇ ਖਰਾ ਉੱਤਰਨ ਦੀ ਜ਼ਰੂਰਤ ਹੈ। ਸੂਬੇ ਵਿੱਚ ਨਸ਼ੇ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਸ਼ੇ ਖਿਲਾਫ ਚਲਾਏ ਜਾ ਰਹੇ ਅਭਿਆਨ ਦੀ ਪੋਲ ਖੋਲ੍ਹਦੀ ਵਿਖਾਈ ਦੇ ਰਹੀ ਹੈ।

ਆਪ ਸਰਕਾਰ ਨਸ਼ੇ ਤੇ ਸ਼ਕੰਜਾ ਕਸਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ।ਖੋਜੇਵਾਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਦੀ ਗਾਰੰਟੀ,300 ਯੂਨਿਟ ਮੁਫਤ ਬਿਜਲੀ,ਔਰਤਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਹਵਾ-ਹਵਾਈ ਸਾਬਤ ਹੋਏ ਹਨ।ਜਦੋਂ ਕਿ ਸੱਚਾਈ ਇਹ ਹੈ ਕਿ ਪੰਜਾਬ ਵਿੱਚ ਨੌਜਵਾਨਾਂ ਦੀ ਨਸ਼ੇ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ।ਸੂਬੇ ਵਿੱਚ ਅੱਤਵਾਦੀ ਗਤੀਵਿਧੀਆਂ ਜ਼ੋਰ ਫੜ ਰਹੀਆਂ ਹਨ,ਪਰ ਮੁੱਖਮੰਤਰੀ ਦਾ ਧਿਆਨ ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਉਲਝਿਆ ਹੋਇਆ ਹੈ। ਖੋਜੇਵਾਲ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜ਼ਮੀਨੀ ਪੱਧਰ ਤੇ ਨਸ਼ਾ ਖਤਮ ਕਰਨ ਲਈ ਯਤਨ ਕਰੇ।ਨਸ਼ਾ ਪੀੜਿਤ ਨੌਜਵਾਨਾਂ ਦੇ ਇਲਾਜ ਲਈ ਸਰਕਾਰ ਉਚਿਤ ਕਦਮ ਚੁੱਕੇ।ਸੈਂਟਰਾਂ ਵਿੱਚ ਇਲਾਜ ਕਰਵਾਉਣ ਵਾਲੇ ਮਰੀਜਾਂ ਨੂੰ ਪੂਰੀ ਦਵਾਈ ਦਿੱਤੀ ਜਾਵੇ,ਤਾਂਕਿ ਉਨ੍ਹਾਂਨੂੰ ਕੋਈ ਪਰੇਸ਼ਾਨੀ ਨਾ ਆਏ।ਉਨ੍ਹਾਂਨੇ ਕਿਹਾ ਕਿ ਪੰਜਾਬ ਵਿੱਚ ਰੋਜਾਨਾ ਹੋ ਰਹੀਆਂ ਅੱਤਵਾਦੀ ਗਤੀਵਿਧੀਆਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੁੰਦੀ ਜਾ ਰਹੀ ਹੈ।ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਚਰਮਰਾ ਗਈ ਹੈ।ਉਨ੍ਹਾਂਨੇ ਕਿਹਾ ਕਿ ਪੰਜਾਬ ਵਿੱਚ ਦਿਨਦਹਾੜੇ ਗੈਂਗਸਟਰ ਕਤਲ ਕਰ ਰਹੇ ਹਨ ਅਤੇ ਲੁੱਟ-ਖਸੁੱਟ ਦੀਆਂ ਘਟਨਾਵਾਂ ਵਿੱਚ ਤੇਜੀ ਆ ਗਈ ਹੈ।ਜਿਸ ਕਾਰਨ ਆਮ ਆਦਮੀ ਅਤੇ ਵਪਾਰੀ ਵਰਗ ਘਬਰਾਏ ਹੋਏ ਹਨ।ਉਨ੍ਹਾਂ ਨੇ ਕਿਹਾ ਕਿ ਜੋ ਵਾਅਦੇ ਅਤੇ ਦਾਅਵੇ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਸਨ ਉਹ ਪੂਰੇ ਹੋਣੇ ਨਾਮੁਮਕਿਨ ਹਨ।ਜਿਸਦੇ ਚਲਦੇ 55 ਦਿਨਾਂ ਦੇ ਅੰਦਰ ਹੀ ਸਰਕਾਰ ਨੂੰ ਨੱਕ ਨਾਲ ਛੌਲੇ ਚੱਬਣੇ ਪੈ ਰਹੇ ਹਨ।